#AMERICA

ਨਵੀਆਂ ਬੁਲੰਦੀਆਂ ਛੂਹਣਗੇ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ : ਜੈਸ਼ੰਕਰ

ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਆਪਣੀ ਸਿਖਰ ’ਤੇ ਹਨ ਤੇ ਦੋਵੇਂ ਮੁਲਕ ਇਸ ਵੇਲੇ ਅਜਿਹੇ ਮੁਕਾਮ ’ਤੇ ਪਹੁੰਚ ਗਏ ਹਨ, ਜਿੱਥੇ ਉਹ ਇਕ ਦੂਜੇ ਨੂੰ ਮਨਭਾਉਂਦੇ, ਸਰਵੋਤਮ ਤੇ ਸਹਿਜ ਭਾਈਵਾਲ ਵਜੋਂ ਦੇਖਦੇ ਹਨ। ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਦੇ ਦੁਵੱਲੇ ਰਿਸ਼ਤੇ ਚੰਦਰਯਾਨ ਵਾਂਗ ਚੰਦ ਤੱਕ ਅਤੇ ਸ਼ਾਇਦ ਇਸ ਤੋਂ ਵੀ ਅੱਗੇ ਨਵੀਆਂ ਬੁਲੰਦੀਆਂ ਛੂਹਣਗੇ। ਭਾਰਤੀ ਵਿਦੇਸ਼ ਮੰਤਰੀ ਨੇ ਇਹ ਟਿੱਪਣੀਆਂ ਇਥੇ ਇੰਡੀਆ ਹਾਊਸ ਵਿੱਚ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਕੀਤੀਆਂ। ਭਾਰਤੀ ਅੰਬੈਸੀ ਵੱਲੋਂ ‘ਸੈਲੀਬ੍ਰੇਟਿੰਗ ਕਲਰਜ਼ ਆਫ਼ ਫਰੈਂਡਸ਼ਿਪ’ ਨਾਂ ਦਾ ਈਵੈਂਟ ਰੱਖਿਆ ਗਿਆ ਸੀ। ਇੰਡੀਆ ਹਾਊਸ ਵਿੱਚ ਭਾਰਤੀ-ਅਮਰੀਕੀਆਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਮੈਂ ਇਥੋਂ ਅੱਜ ਸਪਸ਼ਟ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਰਿਸ਼ਤੇ ਇਸ ਵੇਲੇ ਸਿਖਰ ’ਤੇ ਹਨ। ਪਰ ਜਵਿੇਂ ਕਿ ਅਮਰੀਕਾ ਵਿਚ ਕਹਿੰਦੇ ਹਨ ਕਿ ਤੁਸੀਂ ਅਜੇ ਤੱਕ ਅਜਿਹਾ ਦੇਖਿਆ ਨਹੀਂ। ਇਸ ਲਈ ਅਸੀਂ ਇਸ ਰਿਸ਼ਤੇ ਨੂੰ ਇਕ ਵੱਖਰੇ ਹੀ ਪੱਧਰ ਤੇ ਵੱਖਰੇ ਹੀ ਮੁਕਾਮ ’ਤੇ ਲਿਜਾਵਾਂਗੇ।’’ ਉਨ੍ਹਾਂ ਕਿਹਾ, ‘‘ਇਸ ਬਦਲਦੀ ਦੁਨੀਆ ਵਿੱਚ, ਮੈਂ ਕਹਾਂਗਾ ਕਿ ਭਾਰਤ  ਤੇ ਅਮਰੀਕਾ ਅੱਜ ਅਜਿਹੇ ਮੁਕਾਮ ’ਤੇ ਪਹੁੰਚ ਗਏ ਹਨ, ਜਿੱਥੋਂ ਅਸੀਂ ਇਕ ਦੂਜੇ ਨੂੰ ਮਨਭਾਉਂਦੇ, ਸਰਵੋਤਮ ਤੇ ਸਹਿਜ ਭਾਈਵਾਲ ਵਜੋਂ ਦੇਖਦੇ ਹਾਂ।’’ ਜੈਸ਼ੰਕਰ ਨੇ ਕਿਹਾ ਕਿ ਜੀ-20 ਦੀ ਸਫ਼ਲਤਾ ਅਮਰੀਕਾ ਦੇ ਸਾਥ ਬਿਨਾ ਸੰਭਵ ਨਹੀਂ ਸੀ। ਉਨ੍ਹਾਂ ਕਿਹਾ, ‘‘ਮੇਜ਼ਬਾਨ ਵਜੋਂ, ਜਦੋਂ ਸਭ ਕੁਝ ਠੀਕ ਜਾਂਦਾ ਹੈ, ਤਾਂ ਇਸ (ਸਫ਼ਲਤਾ) ਦਾ ਸਿਹਰਾ ਹਮੇਸ਼ਾ ਮੇਜ਼ਬਾਨ ਸਿਰ ਬੱਝਦਾ ਹੈ। ਇਹ ਵਾਜਬ ਵੀ ਹੈ। ਪਰ ਜੀ-20 ਸਫ਼ਲ ਨਾ ਹੁੰਦਾ ਜੇਕਰ ਇਸ ਦੇ ਸਾਰੇ ਮੈਂਬਰ ਇਸ ਦੀ ਸਫ਼ਲਤਾ ਲਈ ਕੰਮ ਨਾ ਕਰਦੇ।’’ ਵਿਦੇਸ਼ ਮੰਤਰੀ ਨੇ ਕਿਹਾ, ‘‘ਜੀ-20 ਨੂੰ ਸਫ਼ਲ ਬਣਾਉਣ ਲਈ ਅਮਰੀਕਾ ਵੱਲੋਂ ਜੋ ਯੋਗਦਾਨ, ਹਮਾਇਤ ਤੇ ਸਮਝ ਸਾਨੂੰ ਮਿਲੀ, ਮੇਰਾ ਮੰਨਣਾ ਹੈ ਕਿ ਮੈਂ ਵਾਸ਼ਿੰਗਟਨ ਡੀਸੀ ਵਿਚ ਯਕੀਨੀ ਤੌਰ ’ਤੇ ਇਸ ਗੱਲ ਨੂੰ ਜਨਤਕ ਤੌਰ ’ਤੇ ਮੰਨਾਂਗਾ।’’ ਜੈਸ਼ੰਕਰ ਨੇ ਭਾਰਤੀ-ਅਮਰੀਕੀਆਂ ਦੀਆਂ ਤਾੜੀਆਂ ਦੀ ਗੂੰਜ ਵਿੱਚ ਕਿਹਾ, ‘‘ਇਸ ਨੂੰ ਸ਼ਾਇਦ ਸਾਡੀ ਸਫ਼ਲਤਾ ਵਜੋਂ ਦੇਖਿਆ ਜਾਵੇ, ਪਰ ਮੇਰਾ ਮੰਨਣਾ ਹੈ ਕਿ ਇਹ ਜੀ-20 (ਮੁਲਕਾਂ) ਦੀ ਸਫ਼ਲਤਾ ਸੀ। ਮੇਰੇ ਲਈ ਇਹ ਭਾਰਤ-ਅਮਰੀਕਾ ਭਾਈਵਾਲੀ ਦੀ ਵੀ ਸਫ਼ਲਤਾ ਸੀ…ਕ੍ਰਿਪਾ ਕਰਕੇ ਇਸ ਭਾਈਵਾਲੀ ਨੂੰ ਹਮਾਇਤ ਦਿੰਦੇ ਰਹੋ, ਜਿਸ ਦੀ ਇਸ ਨੂੰ ਲੋੜ ਹੈ, ਜਿਸ ਦਾ ਇਹ ਹੱਕਦਾਰ ਹੈ ਤੇ ਜਿਸ ਦੀ ਇਸ ਨੂੰ ਆਸ ਹੈ। ਅਤੇ ਮੈਂ ਵਾਅਦਾ ਕਰਦਾ ਹਾਂ ਕਿ ਇਹ ਰਿਸ਼ਤਾ ਚੰਦਰਯਾਨ ਵਾਂਗ ਚੰਦ ਤੱਕ ਜਾਂ ਇਸ ਤੋਂ ਵੀ ਪਾਰ ਜਾਵੇਗਾ।’’ ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਲੇ ਮਾਨਵੀ ਰਿਸ਼ਤੇ ਇਸ ਦੁਵੱਲੇ ਸਬੰਧ ਨੂੰ ਨਵਿੇਕਲਾ ਬਣਾਉਂਦੇ ਹਨ। ਉਨ੍ਹਾਂ ਕਿਹਾ, ‘‘ਦੇਸ਼ ਇਕ ਦੂਜੇ ਨਾਲ ਕਾਰੋਬਾਰ ਕਰਦੇ ਹਨ, ਇਕ ਦੂਜੇ ਨਾਲ ਸਿਆਸਤ ਕਰਦੇ ਹਨ। ਉਨ੍ਹਾਂ ਦੇ ਫੌਜੀ ਰਿਸ਼ਤੇ ਹਨ, ਉਹ ਸਾਂਝੀਆਂ ਮਸ਼ਕਾਂ ਕਰਦੇ ਹਨ ਤੇ ਸਭਿਆਚਾਰਕ ਲੈਣ-ਦੇਣ ਦਾ ਰਿਸ਼ਤਾ ਹੈ। ਪਰ ਜਦੋਂ ਦੋ ਮੁਲਕਾਂ ਦੇ ਡੂੰਘੇ ਰਿਸ਼ਤੇ ਹੋਣ ਤਾਂ ਇਹ ਬਿਲਕੁਲ ਵੱਖਰੀ ਸਥਿਤੀ ਹੁੰਦੀ ਹੈ। ਇਹੀ ਸਾਡੇ ਰਿਸ਼ਤੇ ਦੀ ਪਰਿਭਾਸ਼ਤ ਖੂਬੀ ਹੈ।’’ ਜੈਸ਼ੰਕਰ ਨੇ ਸਾਬਕਾ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰਲਾਲ ਨਹਿਰੂ, ਰਾਜੀਵ ਗਾਂਧੀ, ਡਾ.ਮਨਮੋਹਨ ਸਿੰਘ ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਮਰੀਕਾ ਫੇਰੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਵੀ ਯਾਦ ਕੀਤਾ, ਜਨਿ੍ਹਾਂ ਦੀ ਸੋਮਵਾਰ ਨੂੰ ਜੈਯੰਤੀ ਹੈ। 

Leave a comment