#CANADA

ਧੜਾਧੜ ਵੀਜ਼ਿਆ ਕਾਰਨ ਕੈਨੇਡਾ ਦੇ ਕਾਲਜਾਂ ਵੱਲੋਂ ਦਾਖਲੇ ਰੱਦ!

-ਕਾਲਜਾਂ ਵੱਲੋਂ ਸੀਟਾਂ ਘੱਟ ਹੋਣ ਦਾ ਦਿੱਤਾ ਗਿਆ ਹਵਾਲਾ
ਵੈਨਕੂਵਰ, 2 ਅਗਸਤ (ਪੰਜਾਬ ਮੇਲ)- ਭਾਰਤ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ, ਜੋ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿਚ ਵਿਦੇਸ਼ਾਂ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਹੁਣ ਸੈਕੜੇ ਵਿਦਿਆਰਥੀਆਂ ਦਾ ਕੈਨੇਡਾ ‘ਚ ਪੜ੍ਹਾਈ ਕਰਨ ਦਾ ਸੁਫਨਾ ਉਸ ਸਮੇਂ ਚਕਨਾਚੂਰ ਹੋ ਗਿਆ, ਜਦੋਂ ਕੈਨੇਡਾ ਦੇ ਕਾਲਜਾਂ ਨੇ ਸੀਟਾਂ ਘੱਟ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾ ਦਾਖਲਾ ਰੱਦ ਕਰ ਦਿਤਾ।
ਇਸ ਦੇ ਚੱਲਦਿਆਂ ਸਤੰਬਰ 23 ਇਨਟੇਕ ਲਈ ਪੜ੍ਹਾਈ ਕਰਨ ਜਾ ਰਹੇ ਇਕ ਕਾਲਜ ਦੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦੀ ਵੀਜ਼ਾ ਰੱਦ ਹੋਣ ਕਾਰਨ ਨਿਰਾਸ਼ ਹੋ ਗਏ, ਉਥੇ ਕਈ ਹੋਰ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਵਲੋਂ ਹਜ਼ਾਰਾਂ ਵਿਦਿਆਰਥੀਆਂ ਦਾ ਦਾਖਲਾ ਮੁਲਤਵੀ ਕਰ ਦਿਤਾ ਗਿਆ ਹੈ, ਜਿਨ੍ਹਾਂ ਵਲੋਂ ਮੁੜ ਦਾਖਲੇ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰਾਏਕੋਟ ਦੇ ਕਈ ਆਈਲੈਟਸ ਸੈਂਟਰਾਂ ਰਾਹੀਂ ਕੈਨੇਡੀਅਨ ਕਾਲਜ਼ਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵਲੋਂ ਦਾਖਲਾ ਰੱਦ ਕਰਨ ਦੀ ਈਮੇਲ ਆਉਣੀਆਂ ਸ਼ੁਰੂ ਹੋਈਆਂ। ਇਸ ਈਮੇਲ ਤੋਂ ਬਾਅਦ ਵਿਦਿਆਰਥੀਆਂ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਭਾਜੜਾਂ ਪੈ ਗਈਆਂ।
ਸੂਤਰਾ ਅਨੁਸਾਰ ਇਸ ਸਾਲ ਕੈਨੇਡਾ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਵਲੋਂ 90 ਤੋਂ 95 ਫੀਸਦੀ ਵਿਦਿਆਰਥੀਂ ਨੂੰ ਵੀਜ਼ਾ ਦਿਤਾ, ਜਦਕਿ ਪਿਛਲੇ ਸਮੇਂ ਵਿਚ ਵੀਜ਼ਾ ਦਰ 50 ਤੋਂ 60 ਫੀਸਦੀ ਹੁੰਦੀ ਸੀ ਪਰ ਇਸ ਸਾਲ ਜ਼ਿਆਦਾ ਵਿਦਿਆਰਥੀਆਂ ਨੂੰ ਵੀਜ਼ਾ ਮਿਲਣਾ ਹੀ ਕਾਲਜਾਂ ਵਿਚ ਸੀਟਾਂ ਘਟਣ ਦਾ ਮੁੱਖ ਕਾਰਨ ਹੈ।
ਕੈਨੇਡਾ ਸਰਕਾਰ, ਇਮੀਗ੍ਰੇਸ਼ਨ ਵਿਭਾਗ ਅਤੇ ਕਾਲਜਾਂ ਵਿਚ ਆਪਸੀ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਸੂਬੇ ਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ, ਕਿਉਂਕਿ ਇਨ੍ਹਾਂ ਵਿਦਿਆਰਥੀਆਂ ਵਲੋਂ ਲੱਖਾਂ ਰੁਪਏ ਖਰਚ ਕਰ ਕੇ ਬਕਾਇਦਾ ਸਤੰਬਰ-23 ਇਨਟੇਕ ਲਈ ਕੈਨੇਡਾ ਜਾਣ ਲਈ ਜਹਾਜ਼ਾਂ ਦੀਆਂ ਟਿਕਵਾਂ ਬੁਕ ਕਰਵਾਉਣ ਤੋਂ ਸ਼ਾਪਿੰਗ ਤਕ ਕਰ ਲਈ ਸੀ।
ਅਗਸਤ ਮਹੀਨੇ ਵਿਚ ਉਡਾਰੀ ਭਰਨ ਲਈ ਕਟਵਾਈਆਂ ਨਾ-ਵਾਪਸੀਯੋਗ ਹੋਣ ਕਾਰਨ ਵਿਦਿਆਰਥੀਆਂ ਦੀਆਂ ਟਿਕਟਾਂ ਦੇ ਲੱਖਾਂ ਰੁਪਏ ਡੁੱਬ ਗਏ। ਕੈਨੇਡੀਅਨ ਕਾਲਜਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਜਮਾਂ ਕਰਵਾਈਆਂ ਫੀਸਾਂ ਤਕ ਵਾਪਸ ਕਰਨ ਲਈ ਖਾਤਿਆਂ ਦੀ ਡੀਟੇਲ ਮੰਗ ਲਈ ਹੈ। ਇਸ ਤੋਂ ਇਲਾਵਾ ਕਈ ਹੋਰ ਕਾਲਜਾਂ ਨੇ ਵਿਦਿਆਰਥੀਆਂ ਦਾ ਦਾਖਲਾ 2023 ਇਨਟੇਕ ਤੋਂ ਵਧਾਕੇ ਜਨਵਰੀ-24 ਇਨਟੇਕ ‘ਚ ਆਉਣ ਲਈ ਕਿਹਾ ਹੈ।

Leave a comment