ਨਿਊਯਾਰਕ, 22 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਵਿਚ ਪ੍ਰੈਕਟਿਸ ਕਰ ਰਹੇ ਇੱਕ ਭਾਰਤੀ ਡਾਕਟਰ ਨੂੰ ਇੱਕ ਸਥਾਨਕ ਸੰਘੀ ਅਦਾਲਤ ਨੇ ਸਿਹਤ ਸੰਭਾਲ ਧੋਖਾਧੜੀ ਦਾ ਦੋਸ਼ੀ ਪਾਇਆ। ਉਸ ‘ਤੇ ਮਰੀਜ਼ਾਂ ਨੂੰ ਦਵਾਈ ਦੇਣ ਦਾ ਦੋਸ਼ ਲਗਾਇਆ ਗਿਆ ਸੀ, ਜਦੋਂ ਇਹ ਡਾਕਟਰੀ ਤੌਰ ‘ਤੇ ਜ਼ਰੂਰੀ ਨਹੀਂ ਸਨ ਅਤੇ ਗੈਰ-ਕਾਨੂੰਨੀ ਤੌਰ ‘ਤੇ ਨਿਯੰਤਰਿਤ ਦਵਾਈਆਂ ਉਨ੍ਹਾਂ ਨੂੰ ਵੰਡ ਰਿਹਾ ਸੀ। ਇਸ ਭਾਰਤੀ ਡਾਕਟਰ ‘ਤੇ ਬੇਲੋੜੀਆਂ ਦਵਾਈਆਂ ਲਿਖ ਕੇ ਕਥਿਤ ਤੌਰ ‘ਤੇ ਝੂਠੇ ਦਾਅਵੇ ਕਰਨ ਦੇ ਦੋਸ਼ ਵਿਚ ਕੇਸ ਚੱਲ ਰਿਹਾ ਸੀ।
ਬੈਨਸਲੇਮ, ਸਿਟੀ ਦੇ ਸੂਬੇ ਪੈਨਸਿਲਵੇਨੀਆ ਦੇ 48 ਸਾਲਾ ਡਾ. ਨੀਲ ਕੇ. ਆਨੰਦ ਨੂੰ ਇੱਕ ਸਥਾਨਕ ਸੰਘੀ ਜਿਊਰੀ ਨੇ ਸਿਹਤ ਸੰਭਾਲ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਹੈ। ਡਾ. ਆਨੰਦ ਸਮੇਤ ਚਾਰ ਵਿਅਕਤੀਆਂ ‘ਤੇ 2019 ਵਿਚ ਸਿਹਤ ਸੰਭਾਲ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ। ਆਨੰਦ ‘ਤੇ ਮਰੀਜ਼ਾਂ ਨੂੰ ਬੇਲੋੜੀਆਂ ਦਵਾਈਆਂ ਲਿਖਣ ਅਤੇ ਝੂਠੇ ਦਾਅਵੇ ਕਰਨ, ਮੈਡੀਕੇਅਰ, ਯੂ.ਐੱਸ. ਆਫਿਸ ਆਫ ਪਰਸੋਨਲ ਮੈਨੇਜਮੈਂਟ, ਇੰਡੀਪੈਂਡੈਂਸ ਬਲੂ ਕਰਾਸ ਅਤੇ ਐਂਥਮ ਨਾਲ ਕੁੱਲ 2.3 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ ਸਿੱਧ ਹੋਇਆ ਹੈ।
ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ ਵਿਚ ਕਿਹਾ ਗਿਆ ਹੈ ਕਿ ਡਾ. ਆਨੰਦ ਪਹਿਲਾਂ ਤੋਂ ਦਸਤਖ਼ਤ ਕੀਤੇ ਖਾਲੀ ਨੁਸਖੇ ਲਿਖ ਕੇ ਦਿੰਦਾ ਸੀ। ਇਹ ਦਵਾਈਆਂ ਘਰ ਦੀਆਂ ਫਾਰਮੇਸੀਆਂ ਤੋਂ ਵੀ ਮਿਲਦੀਆਂ ਸਨ। ਇਲਜ਼ਾਮ ਅਨੁਸਾਰ ਡਾ. ਆਨੰਦ ਨੇ ਆਪਣੇ ਇੰਟਰਨ ਨੂੰ ਆਕਸੀਕੋਡੋਨ ਨਾਮਕ ਇੱਕ ਨਿਯੰਤਰਿਤ ਦਵਾਈ ਲਈ ਪਹਿਲਾਂ ਤੋਂ ਦਸਤਖ਼ਤ ਕੀਤਾ ਨੁਸਖ਼ਾ ਦਿੱਤਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਸਿਰਫ਼ 9 ਮਰੀਜ਼ਾਂ ਦੇ ਇਲਾਜ ਲਈ ਆਕਸੀਕੋਡੋਨ ਦੀਆਂ 29 ਹਜ਼ਾਰ 850 ਗੋਲੀਆਂ ਦੀ ਵਰਤੋਂ ਕੀਤੀ ਗਈ। ਆਕਸੀਕੋਡੋਨ ਇੱਕ ਓਪੀਔਡ ਦਰਦ ਨਿਵਾਰਕ ਹੈ ਅਤੇ ਇਸਦੀ ਵਰਤੋਂ ਨਸ਼ਾ ਕਰਨ ਲਈ ਵੀ ਕੀਤੀ ਜਾਂਦੀ ਹੈ। ਅਮਰੀਕਾ ਵਿਚ ਇਸ ਨਸ਼ੇ ਦੀ ਲਤ ਲਈ ਵਰਤੋਂ ਕਰਨ ਵਾਲੇ ਲੋਕਾਂ ਦੀ ਚਿੰਤਾਜਨਕ ਦਰ ਹੈ।
ਜਦੋਂ ਡਾ. ਆਨੰਦ ਨੂੰ ਪਤਾ ਲੱਗਾ ਕਿ ਉਸ ਦੀ ਜਾਂਚ ਚੱਲ ਰਹੀ ਹੈ, ਤਾਂ ਉਸਨੇ ਆਪਣੇ ਪਿਤਾ ਅਤੇ ਆਪਣੀ ਨਾਬਾਲਗ ਧੀ ਦੇ ਖਾਤਿਆਂ ਵਿਚ ਲਗਭਗ 1.2 ਮਿਲੀਅਨ ਡਾਲਰ ਟਰਾਂਸਫਰ ਕਰ ਦਿੱਤੇ। ਭਾਰਤੀ ਡਾ. ਆਨੰਦ ਨੂੰ ਸਿਹਤ ਸੰਭਾਲ ਦੀ ਧੋਖਾਧੜੀ ਅਤੇ ਵਾਇਰ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਵਿਚ ਸਿਹਤ ਸੰਭਾਲ ਧੋਖਾਧੜੀ ਦੇ ਤਿੰਨ ਦੋਸ਼, ਮਨੀ ਲਾਂਡਰਿੰਗ ਦਾ ਇੱਕ ਦੋਸ਼, ਗੈਰ-ਕਾਨੂੰਨੀ ਪੈਸੇ ਦੇ ਲੈਣ-ਦੇਣ ਦੇ ਚਾਰ ਦੋਸ਼ ਅਤੇ ਨਿਯੰਤਰਿਤ ਦਵਾਈਆਂ ਦੇਣ ਦਾ ਇੱਕ ਦੋਸ਼ ਸ਼ਾਮਲ ਹੈ। ਡਾ. ਆਨੰਦ ਨੂੰ 19 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਨੂੰ 130 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਉਮਰ ਭਰ ਜੇਲ੍ਹ ਵਿਚ ਰਹਿਣਾ ਪੈ ਸਕਦਾ ਹੈ।
ਡਾ. ਆਨੰਦ ਸਮੇਤ ਧੋਖਾਧੜੀ ਦੇ ਦੋਸ਼ੀ ਚਾਰ ਲੋਕਾਂ ਵਿਚੋਂ ਤਿੰਨ ਕੋਲ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਮੈਡੀਕਲ ਡਿਗਰੀਆਂ ਸਨ, ਪਰ ਉਨ੍ਹਾਂ ਕੋਲ ਸੰਯੁਕਤ ਰਾਜ ਅਮਰੀਕਾ ਵਿਚ ਡਾਕਟਰੀ ਦਾ ਅਭਿਆਸ ਕਰਨ ਦਾ ਲਾਇਸੈਂਸ ਨਹੀਂ ਸੀ। ਇਸ ਤੋਂ ਪਹਿਲਾਂ 14 ਦਸੰਬਰ, 2017 ਨੂੰ ਇੱਕ ਭਾਰਤੀ ਡਾਕਟਰ ਦੇਵੇਂਦਰ ਪਟੇਲ ਨੂੰ ਅਮਰੀਕਾ ਦੇ ਨੇਵਾਡਾ ਵਿਚ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਨੁਸਖ਼ੇ ਵਾਲੀਆਂ ਓਪੀਔਡਜ਼ ਦੀ ਗੈਰ-ਕਾਨੂੰਨੀ ਵੰਡ ਅਤੇ ਸਿਹਤ ਸੰਭਾਲ ਧੋਖਾਧੜੀ ਦੇ ਵੀ ਦੋਸ਼ ਲਗਾਏ ਗਏ ਸਨ। ਅਮਰੀਕੀ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਅਤੇ ਹੋਰ ਅਧਿਕਾਰੀਆਂ ਨੇ ਉਸ ਸਮੇਂ ਕਿਹਾ ਸੀ ਕਿ ਡਾ. ਪਟੇਲ ਨੇ ਮਈ 2014 ਤੋਂ ਸਤੰਬਰ 2017 ਤੱਕ ਨਿਯਮਿਤ ਤੌਰ ‘ਤੇ ਫੈਂਟਾਨਿਲ, ਹਾਈਡ੍ਰੋਕੋਡੋਨ ਅਤੇ ਆਕਸੀਕੋਡੋਨ ਵਰਗੀਆਂ ਦਵਾਈਆਂ ਲਿਖੀਆਂ, ਭਾਵੇਂ ਉਨ੍ਹਾਂ ਦੀ ਲੋੜ ਨਹੀਂ ਸੀ। ਡਾ. ਪਟੇਲ ਨੂੰ ਰੇਨੋ ਦੀ ਸੰਘੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਾਲਾਂਕਿ ਉਸਨੇ ਆਪਣਾ ਅਜੇ ਅਪਰਾਧ ਕਬੂਲ ਨਹੀਂ ਕੀਤਾ।
ਧੋਖਾਧੜੀ ਦੇ ਦੋਸ਼ ‘ਚ ਭਾਰਤੀ-ਅਮਰੀਕੀ ਡਾਕਟਰ ਨੂੰ ਹੋ ਸਕਦੀ ਹੈ 130 ਸਾਲ ਦੀ ਸਜ਼ਾ
