#CANADA

ਧੋਖਾਧੜੀ ਦਾ ਸ਼ਿਕਾਰ ਵਿਦਿਆਰਥੀਆਂ ਨੂੰ ਪੀ.ਆਰ. ਦੇਣ ਦਾ ਰਾਹ ਕੱਢੇਗੀ ਕੈਨੇਡਾ ਸਰਕਾਰ

ਟੋਰਾਂਟੋ, 14 ਜੂਨ (ਪੰਜਾਬ ਮੇਲ)- ਕੈਨੇਡਾ ਵਿਚ ਡਿਪੋਰਟ ਦੀ ਲਟਕ ਰਹੀ ਤਲਵਾਰ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਪਹਿਲਾਂ ਕੈਨੇਡਾ ਸਰਕਾਰ ਨੇ 700 ਦੇ ਕਰੀਬ ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਪਰ ਹੁਣ ਟਰੂਡੋ ਸਰਕਾਰ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਹਨ ਅਤੇ ਆਪਣੇ ਹੱਥ ਇਨ੍ਹਾਂ ਵਿਦਿਆਰਥੀਆਂ ਵੱਲ ਵਧਾਏ ਹਨ। ਮਿਲੀ ਜਾਣਕਾਰੀ ਮੁਤਾਬਕ ਭਾਰਤੀ ਵਿਦਿਆਰਥੀਆਂ ਨੂੰ ਪੀ.ਆਰ. ਯਾਨੀ ਪੱਕੀ ਰਿਹਾਇਸ਼ ਦੇਣ ਦਾ ਰਾਹ ਕੈਨੇਡਾ ਸਰਕਾਰ ਕੱਢੇਗੀ।
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਪਾਰਲੀਮੈਂਟ ਵਿੱਚ ਐਲਾਨ ਕੀਤਾ ਸੀ ਕਿ  ‘ਅਸੀਂ ਇਸ ਮਾਮਲੇ ਤੋਂ ਜਾਣੂ ਹਾਂ। ਸਾਡਾ ਧਿਆਨ ਪੀੜਤਾਂ ਨੂੰ ਸਜ਼ਾ ਦੇਣ ਦੀ ਬਜਾਏ ਦੋਸ਼ੀਆਂ ਦੀ ਪਛਾਣ ਕਰਨਾ ਹੈ।’ ਪ੍ਰਧਾਨ ਮੰਤਰੀ ਨੇ ਸਿੱਖ ਮੂਲ ਦੇ ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਪੀੜਤ ਵਿਦਿਆਰਥੀਆਂ ਦੀ ਸਥਿਤੀ ਬਾਰੇ ਚਿੰਤਾਵਾਂ ਦਾ ਜਵਾਬ ਦਿੰਦਿਆਂ ਕਿਹਾ, ‘ਧੋਖਾਧੜੀ ਦੇ ਪੀੜਤਾਂ ਨੂੰ ਆਪਣਾ ਪੱਖ ਤੇ ਉਸ ਦੇ ਸਮਰਥਨ ‘ਚ ਸਬੂਤ ਪੇਸ਼ ਕਰਨ ਦਾ ਮੌਕਾ ਮਿਲੇਗਾ। ‘ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਸਾਡੇ ਦੇਸ਼ ਵਿੱਚ ਪਾਏ ਅਥਾਹ ਯੋਗਦਾਨ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਧੋਖਾਧੜੀ ਦੇ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹਾਂ। ਅਸੀਂ ਹਰ ਇੱਕ ਕੇਸ ਦਾ ਮੁਲਾਂਕਣ ਕਰਦੇ ਹਾਂ।
ਕੈਨੇਡਾ ਦੇ ਆਵਾਸ ਮੰਤਰੀ ਸੀਨ ਫਰੇਜ਼ਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਹੁਣ ਇਹ ਸਾਬਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿ ਉਨ੍ਹਾਂ ਦਾ ਫਾਇਦਾ ਉਠਾਇਆ ਗਿਆ ਹੈ। ਵਿਦਿਆਰਥੀਆਂ ਦੇ ਦਾਖਲਾ ਪੱਤਰ ਜਾਅਲੀ ਹੋਣ ਬਾਰੇ ਪ੍ਰਸ਼ਾਸਨ ਨੂੰ ਮਾਰਚ ਮਹੀਨੇ ਪਤਾ ਲੱਗਿਆ ਸੀ। ਜਦੋਂ ਪੀ.ਆਰ. ਲਈ ਇਨ੍ਹਾਂ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਸੀਨ ਫਰੇਜ਼ਰ ਨੇ ਕਿਹਾ ਕਿ ਬੇਕਸੂਰ ਵਿਦਿਆਰਥੀ, ਜੋ ਕਿ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਇਹ ਸਾਬਿਤ ਕਰਨ ਦਾ ਕੈਨੇਡਾ ਸਰਕਾਰ ਮੌਕਾ ਦੇਵੇਗੀ ਕਿ ਕਿਵੇਂ ਉਨ੍ਹਾਂ ਦੇ ਨਾਲ ਧੋਖਾ ਹੋਇਆ ਅਤੇ ਉਨ੍ਹਾਂ ਦਾ ਫਾਇਦਾ ਚੁੱਕਿਆ ਗਿਆ। ਸਰਕਾਰ ਇਸ ਲਈ ਇੱਕ ਢੁੱਕਵਾਂ ਹੱਲ ਉਪਲਬਧ ਕਰਾਏਗੀ। ਜਿਹੜੇ ਵਿਦਿਆਰਥੀਆਂ ‘ਤੇ ਡਿਪੋਰਟ ਦੀ ਤਲਵਾਰ ਲਟਕੀ ਹੋਈ ਸੀ, ਉਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ। ਇਸ ਲਈ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਵੱਲੋਂ ਪੂਰੀ ਆਵਾਜ਼ ਉਠਾਈ ਜਾ ਰਹੀ ਹੈ।

Leave a comment