#INDIA

ਧਾਰਾ 370 ਹੁਣ ‘ਇਤਿਹਾਸ’ ਬਣੀ : ਅਮਿਤ ਸ਼ਾਹ

ਕਿਹਾ: ਜੰਮੂ ਕਸ਼ਮੀਰ ਵਿਚ ਕਦੇ ਨਹੀਂ ਹੋਵੇਗੀ ਧਾਰਾ ਦੀ ਵਾਪਸੀ
ਜੰਮੂ, 6 ਸਤੰਬਰ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਧਾਰਾ 370 ਹੁਣ ‘ਇਤਿਹਾਸ’ ਬਣ ਗਈ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਇਸ ਦੀ ਕਦੇ ਵਾਪਸੀ ਨਹੀਂ ਹੋਵੇਗੀ। ਭਾਜਪਾ ਦੇ ਸੀਨੀਅਰ ਆਗੂ ਸ਼ਾਹ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਪਿਛਲੇ ਦਸ ਸਾਲ ਦੀ ਮਿਆਦ ਦੇਸ਼ ਅਤੇ ਜੰਮੂ ਕਸ਼ਮੀਰ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੀ ਜਾਵੇਗੀ। ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਤਿੰਨ ਗੇੜਾਂ ਵਿਚ 18 ਤੇ 25 ਸਤੰਬਰ ਅਤੇ ਪਹਿਲੀ ਅਕਤੂਬਰ ਪੈਣਗੀਆਂ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਅੱਤਵਾਦ ਖ਼ਤਮ ਹੋਣ ਤੱਕ ਪਾਕਿਸਤਾਨ ਨਾਲ ਗੱਲਬਾਤ ਦੇ ਪੱਖ ਵਿਚ ਨਹੀਂ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੱਲਬਾਤ ਅਤੇ ਬੰਬ ਇਕੱਠਿਆਂ ਨਹੀਂ ਚੱਲ ਸਕਦੇ।