#OTHERS

ਧਾਰਮਿਕ ਸਥਾਨ ਢਾਹ ਕੇ ਵਪਾਰਕ ਇਮਾਰਤ ਉਸਾਰਨ ਦੀ ਇਜਾਜ਼ਤ ਨਹੀਂ ਦੇਵੇਗੀ ਸਿੰਧ ਸਰਕਾਰ

ਕਰਾਚੀ ‘ਚ 150 ਸਾਲ ਪੁਰਾਣਾ ਹਿੰਦੂ ਮੰਦਰ ‘ਢਾਹੁਣ’ ਦੀ ਰਿਪੋਰਟ ‘ਤੇ ਵਿਵਾਦ ਖੜ੍ਹਾ ਹੋਇਆ; ਸੂਬਾ ਸਰਕਾਰ ਨੇ ਮੰਦਰ ਢਾਹੁਣ ਬਾਰੇ ਹਿੰਦੂ ਭਾਈਚਾਰੇ ਦੇ ਦਾਅਵੇ ਨੂੰ ਖਾਰਜ ਕੀਤਾ, ਜਾਂਚ ਆਰੰਭੀ
ਕਰਾਚੀ, 18 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੀ ਸਿੰਧ ਸਰਕਾਰ ਨੇ ਕਿਹਾ ਹੈ ਕਿ ਇਸ ਵੱਲੋਂ ਕਿਸੇ ਵੀ ਧਾਰਮਿਕ ਸਥਾਨ (ਪੂਜਾ ਵਾਲੀ ਥਾਂ) ਨੂੰ ਡੇਗ ਕੇ ਉਸ ਦੀ ਥਾਂ ਕਿਸੇ ਵੀ ਵਪਾਰਕ ਇਮਾਰਤ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਹ ਕਿਸੇ ਘੱਟਗਿਣਤੀ ਭਾਈਚਾਰੇ ਨਾਲ ਹੀ ਸਬੰਧਤ ਕਿਉਂ ਨਾ ਹੋਵੇ। ਜ਼ਿਕਰਯੋਗ ਹੈ ਕਿ ਕਰਾਚੀ ‘ਚ 150 ਸਾਲ ਪੁਰਾਣਾ ਹਿੰਦੂ ਮੰਦਰ ਡੇਗੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਸੋਲਜ਼ਰ ਬਾਜ਼ਾਰ ‘ਚ ਸਥਿਤ 150 ਸਾਲ ਪੁਰਾਣੇ ਮੜੀ ਮਾਤਾ ਦੇ ਮੰਦਰ ਨੂੰ ਸ਼ੁੱਕਰਵਾਰ ਪੁਰਾਣਾ ਤੇ ਖ਼ਤਰਨਾਕ ਢਾਂਚਾ ਦੱਸਦਿਆਂ ਕਥਿਤ ਤੌਰ ‘ਤੇ ਬੁਲਡੋਜ਼ਰ ਵਰਤ ਕੇ ਡੇਗ ਦਿੱਤਾ ਗਿਆ ਸੀ। ਇਸ ਮੌਕੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਹਿੰਦੂ ਭਾਈਚਾਰੇ ਨੇ ਪਾਕਿਸਤਾਨ ਹਿੰਦੂ ਪਰਿਸ਼ਦ, ਸਿੰਧ ਦੇ ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਤੇ ਸਿੰਧ ਪੁਲਿਸ ਦੇ ਅਧਿਕਾਰੀਆਂ ਨੂੰ ਮਾਮਲੇ ਦਾ ਤੁਰੰਤ ਨੋਟਿਸ ਲੈਣ ਦੀ ਅਪੀਲ ਕੀਤੀ ਸੀ। ‘ਦਿ ਡਾਨ’ ਅਖਬਾਰ ਦੀ ਖ਼ਬਰ ਅਨੁਸਾਰ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਤੇ ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਾਰਮਿਕ ਸਦਭਾਵਨਾ ਤੇ ਆਜ਼ਾਦੀ ‘ਚ ਯਕੀਨ ਰੱਖਦੀ ਹੈ ਤੇ ਕਿਸੇ ਨੂੰ ਵੀ ਘੱਟਗਿਣਤੀ ਭਾਈਚਾਰੇ ਦੀ ਪੂਜਣਯੋਗ ਥਾਂ ਨੂੰ ਢਾਹੁਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਖੇਤਰ ਦੇ ਹਿੰਦੂ ਭਾਈਚਾਰੇ ਨੇ ਦੋਸ਼ ਲਾਇਆ ਕਿ ਦੋ ਵਿਅਕਤੀਆਂ- ਇਮਰਾਨ ਹਾਸ਼ਮੀ ਤੇ ਰੇਖਾ ਬਾਈ- ਵੱਲੋਂ ਕਥਿਤ ਤੌਰ ‘ਤੇ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਕ ਬਿਲਡਰ ਨੂੰ ਮੰਦਰ ਦੀ ਜਾਇਦਾਦ ਵੇਚੇ ਜਾਣ ਤੋਂ ਬਾਅਦ ‘ਬਿਲਡਰ ਮਾਫੀਆ’ ਨੇ ਇਸ ਨੂੰ ਡੇਗ ਦਿੱਤਾ ਸੀ। ਖ਼ਬਰ ‘ਚ ਕਿਹਾ ਗਿਆ ਹੈ ਕਿ ਹਾਲਾਂਕਿ ਸੂਬਾ ਸਰਕਾਰ ਨੇ ਮੰਦਰ ਢਾਹੁਣ ਬਾਰੇ ਹਿੰਦੂ ਭਾਈਚਾਰੇ ਦੇ ਦਾਅਵੇ ਨੂੰ ਖਾਰਜ ਕੀਤਾ ਹੈ ਤੇ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੂੰ ਉਸ ਜ਼ਮੀਨ ‘ਤੇ ਨਿਰਮਾਣ ਜਾਂ ਢਾਂਚਾ ਢਾਹੁਣ ਦਾ ਕੰਮ ਰੋਕਣ ਦਾ ਹੁਕਮ ਦਿੱਤਾ ਹੈ, ਜਿੱਥੇ ਸਦੀਆਂ ਪੁਰਾਣਾ ਮੰਦਰ ਰਿਹਾ ਹੈ। ਵਹਾਬ ਨੇ ਐਤਵਾਰ ਨੂੰ ਇਕ ਟਵੀਟ ਵਿਚ ਕਿਹਾ, ‘ਅਸੀਂ ਪੜਤਾਲ ਕੀਤੀ ਹੈ। ਮੰਦਰ ਨੂੰ ਢਾਹਿਆ ਨਹੀਂ ਗਿਆ ਹੈ ਤੇ ਮੰਦਰ ਹਾਲੇ ਵੀ ਬਰਕਰਾਰ ਹੈ।’ ਉਨ੍ਹਾਂ ਕਿਹਾ, ‘ਪ੍ਰਸ਼ਾਸਨ ਨੇ ਦਖ਼ਲ ਦਿੱਤਾ ਹੈ ਤੇ ਹਿੰਦੂ ਪੰਚਾਇਤ ਨੂੰ ਸਹੀ ਤੱਥਾਂ ਦਾ ਪਤਾ ਕਰਨ ਖਾਤਰ ਪੁਲਿਸ ਦਾ ਸਹਿਯੋਗ ਕਰਨ ਲਈ ਕਿਹਾ ਗਿਆ ਹੈ।’ ਉਨ੍ਹਾਂ ਕਿਹਾ ਕਿ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਰੇਖਾ ਨੇ ਉਸ ਜ਼ਮੀਨ ਦੀ ਮਾਲਕ ਹੋਣ ਦਾ ਦਾਅਵਾ ਕੀਤਾ ਹੈ, ਜਿਸ ਦੇ ਇਕ ਹਿੱਸੇ ਉਤੇ ਮੰਦਰ ਬਣਾਇਆ ਗਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਸਿੰਧ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਪੁਲਿਸ ਹੁਣ ਕਰਾਚੀ ਦੇ ਮਦਰਾਸੀ ਹਿੰਦੂ ਭਾਈਚਾਰੇ ਦੇ ਨਾਲ ਤਾਲਮੇਲ ਕਰ ਰਹੀ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਮੰਦਰ ਦਾ ਪ੍ਰਬੰਧ ਸੰਭਾਲ ਰਿਹਾ ਹੈ।

Leave a comment