#INDIA

ਦੇਸ਼ ਲੋਕ ਸਭਾ ’ਚ ਅੰਤਰ ਸੈਨਾ ਸੰਗਠਨ ਬਿੱਲ-2023 ਪਾਸ

ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)- ਸੰਸਦ ਮੈਂਬਰਾਂ ਦੇ ਹੰਗਾਮੇ ਵਿਚਾਲੇ ਅੱਜ ਜਿੱਥੇ ਲੋਕ ਸਭਾ ’ਚ ਕੁਝ ਬਿੱਲ ਪਾਸ ਕੀਤੇ ਗਏ, ਉੱਥੇ ਹੀ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਨੇ ਅੱਜ ਇੱਕ ਬਿੱਲ ਨੂੰ ਪ੍ਰਵਾਨਗੀ ਦਿੱਤੀ ਜੋ ਅੰਤਰ ਸੇਵਾਵਾਂ ਸੰਗਠਨਾਂ ਦੇ ਕਮਾਂਡਰ-ਇਨ-ਚੀਫ ਅਤੇ ਆਫੀਸਰ-ਇਨ-ਕਮਾਂਡ ਨੂੰ ਅਜਿਹੀਆਂ ਇਕਾਈਆਂ ’ਚ ਸੇਵਾ ਨਿਭਾ ਰਹੇ ਹੋਰ ਬਲਾਂ ਦੇ ਕਰਮੀਆਂ ’ਤੇ ਅਨੁਸ਼ਾਸਨਾਤਮਕ ਤੇ ਪ੍ਰਸ਼ਾਸਨਿਕ ਸ਼ਕਤੀਆਂ ਨਾਲ ਲੈਸ ਕਰਦਾ ਹੈ। ਇਸ ਸਬੰਧੀ ਬਿੱਲ ਪੇਸ਼ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੰਤਰ ਸੇਵਾਵਾਂ ਸੰਗਠਨ ਬਿੱਲ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕੀਤੇ ਜਾਣ ਦੀ ਲੜੀ ਦਾ ਹੀ ਹਿੱਸਾ ਹੈ। ਇਹ ਬਿੱਲ ਬਾਅਦ ਵਿੱਚ ਮਾਮੂਲੀ ਚਰਚਾ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰਾਂ ਦੇ ਹੰਗਾਮੇ ਦਰਮਿਆਨ ਆਈਆਈਐੱਮ (ਸੋਧ) ਬਿੱਲ, 2023 ਵੀ ਲੋਕ ਸਭਾ ’ਚ ਪਾਸ ਕਰ ਦਿੱਤਾ ਗਿਆ। ਇਸ ਸੋਧ ਬਿੱਲ ਵਿੱਚ ਆਈਆਈਐੱਮ ਦੇ ਪ੍ਰਬੰਧਨ ਦੀ ਜਵਾਬਦੇਹੀ ਰਾਸ਼ਟਰਪਤੀ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਹੇਠਲੇ ਸਦਨ ’ਚ ਅੱਜ ‘ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਿੱਲ, 2023 ਪੇਸ਼ ਕੀਤਾ ਗਿਆ ਜਿਸ ਤਹਿਤ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ’ਚ ਖੋਜ ਨੂੰ ਫੰਡਿੰਗ ਲਈ ਇੱਕ ਕੌਮੀ ਇਕਾਈ ਸਥਾਪਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਦੂਜੇ ਪਾਸੇ ਰਾਜ ਸਭਾ ਵਿੱਚ ਅੱਜ ਰਾਜਸਥਾਨ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹਾਕਮ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕੀਤਾ ਜਿਸ ਕਾਰਨ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।

Leave a comment