#PUNJAB

ਦੁਬਈ ‘ਚ ਰਚੀ ਗਈ ਸੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ : ਗੈਂਗਸਟਰ ਸਚਿਨ ਬਿਸ਼ਨੋਈ ਵੱਲੋਂ ਖੁਲਾਸਾ

ਕਿਹਾ : ਮੂਸੇਵਾਲਾ ਦਾ ਕਤਲ ਲਾਰੈਂਸ ਦੇ ਕਹਿਣ ‘ਤੇ ਹੀ ਹੋਇਆ ਸੀ
ਨਵੀਂ ਦਿੱਲੀ/ਜਲੰਧਰ, 2 ਅਗਸਤ (ਪੰਜਾਬ ਮੇਲ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੀ ਪੁੱਛਗਿੱਛ ਵਿਚ ਗੈਂਗਸਟਰ ਸਚਿਨ ਬਿਸ਼ਨੋਈ ਨੇ ਖ਼ੁਲਾਸਾ ਕੀਤਾ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੁਬਈ ਵਿਚ ਰਚੀ ਗਈ ਸੀ। ਇੱਥੋਂ ਹੀ ਉਹ ਲਾਰੈਂਸ ਅਤੇ ਗੋਲਡੀ ਬਰਾੜ ਦੇ ਸੰਪਰਕ ਵਿਚ ਸੀ। ਮੂਸੇਵਾਲਾ ਦਾ ਕਤਲ ਲਾਰੈਂਸ ਦੇ ਕਹਿਣ ‘ਤੇ ਹੀ ਹੋਇਆ ਸੀ। ਸਚਿਨ ਨੇ ਹੀ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਅਤੇ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਅਪ੍ਰੈਲ ‘ਚ ਦੁਬਈ ਭੱਜ ਗਿਆ ਸੀ।
ਸੂਤਰਾਂ ਮੁਤਾਬਕ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਚਿਨ ਨੇ ਇਹ ਗੱਲ ਵੀ ਦੱਸੀ ਕਿ ਲਾਰੈਂਸ ਬਿਸ਼ਨੋਈ ਨੇ ਗੋਲਡੀ ਨਾਲ ਰਲ ਕੇ ਮੂਸੇਵਾਲਾ ਕਤਲ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ। ਸਚਿਨ ਦੇ ਦੱਸਿਆ ਕਿ ਦੁਬਈ ਵਿਚ ਹੀ ਉਸ ਦੀ ਮੁਲਾਕਾਤ ਗੈਂਗਸਟਰ ਵਿਕਰਮ ਬਰਾੜ ਨਾਲ ਹੋਈ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਭਾਰਤ ਲਿਆਂਦਾ ਗਿਆ ਹੈ। ਮੂਸੇਵਾਲਾ ਕਤਲਕਾਂਡ ਮਗਰੋਂ ਗੋਲਡੀ ਨੇ ਸਚਿਨ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ ਬਲੈਕ ਲਿਸਟ ਹੋ ਚੁੱਕਾ ਹੈ, ਇਸ ਕਰਕੇ ਉਹ ਦੁਬਈ ਤੋਂ ਅਜ਼ਰਬੈਜਾਨ ਚਲਾ ਜਾਵੇ। ਮੂਸੇਵਾਲਾ ਕਤਲ ਕਾਂਡ ਦੇ ਕੁਝ ਦਿਨਾਂ ਮਗਰੋਂ ਸਚਿਨ ਅਜ਼ਰਬੈਜਾਨ ਪਹੁੰਚ ਗਿਆ। ਜਿੱਥੇ ਉਹ ਕਿਰਾਏ ਦੇ ਮਕਾਨ ‘ਚ ਰਿਹਾ। ਦੱਸ ਦਈਏ ਕਿ ਫ਼ਿਲਹਾਲ ਦਿੱਲੀ ਪੁਲਿਸ ਵੱਲੋਂ ਅਧਿਕਾਰਕ ਤੌਰ ‘ਤੇ ਸਚਿਨ ਕੋਲੋਂ ਕੀਤੀ ਪੁੱਛਗਿੱਛ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਵਿਚੋਂ ਇਕ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਬੀਤੇ ਦਿਨੀਂ ਭਾਰਤ ਲਿਆਂਦਾ ਗਿਆ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੀ ਟੀਮ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ ਤੋਂ ਡਿਪੋਰਟ ਕਰ ਕੇ ਭਾਰਤ ਲਿਆਈ ਹੈ। ਸਚਿਨ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ। ਉਧਰ ਦਿੱਲੀ ਪੁਲਿਸ ਨੇ ਸਚਿਨ ਨੂੰ ਬੀਤੇ ਦਿਨੀਂ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ 10 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਵੀ ਸਚਿਨ ਬਿਸ਼ਨੋਈ ਦਾ ਰਿਮਾਂਡ ਮੰਗੇਗੀ, ਤਾਂ ਜੋ ਹੋਰ ਵੱਡੇ ਖ਼ੁਲਾਸੇ ਹੋ ਸਕਣ।
ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ੂਟਰਾਂ ਨੇ ਉਸ ਦੀ ਜੀਪ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਕਤਲੇਆਮ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੋਸਟਮਾਰਟਮ ਦੌਰਾਨ ਸਿੱਧੂ ਦੇ ਸਰੀਰ ‘ਤੇ ਗੋਲੀਆਂ ਦੇ 24 ਨਿਸ਼ਾਨ ਮਿਲੇ ਸਨ। ਯਾਨੀ ਕਿ ਕਾਤਲ ਮੂਸੇਵਾਲਾ ਨੂੰ ਕਿਸੇ ਵੀ ਕੀਮਤ ‘ਤੇ ਜਿਊਂਦਾ ਨਹੀਂ ਛੱਡਣਾ ਚਾਹੁੰਦੇ ਸਨ।

Leave a comment