ਦੁਬਈ, 8 ਅਗਸਤ (ਪੰਜਾਬ ਮੇਲ)- ਦੁਬਈ ਤੋਂ ਉਡਾਣ ਭਰਨ ਤੋਂ ਠੀਕ ਪਹਿਲਾਂ ਇਰਾਕ ਜਾਣ ਵਾਲੀ ਏਅਰਲਾਈਨ ਦੇ ਕਾਰਗੋ ਵਿਚੋਂ ਇੱਕ ਰਿੱਛ ਨਿਕਲ ਆਇਆ। ਇਸ ਨਾਲ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ। ਇਸ ਦੇ ਨਾਲ ਹੀ ਜਹਾਜ਼ ਦੀ ਉਡਾਣ ਵਿਚ ਇਕ ਘੰਟੇ ਦੀ ਦੇਰੀ ਹੋਈ, ਜਿਸ ‘ਤੇ ਯਾਤਰੀਆਂ ਨੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ। ਹਾਲਾਤ ਇਹ ਬਣ ਗਏ ਸਨ ਕਿ ਜਹਾਜ਼ ਦੇ ਕਪਤਾਨ ਨੂੰ ਖੁਦ ਯਾਤਰੀਆਂ ਤੋਂ ਮੁਆਫੀ ਮੰਗਣੀ ਪਈ।
ਇਰਾਕ ਦੇ ਪ੍ਰਧਾਨ ਮੰਤਰੀ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇਰਾਕ ਦੀ ਏਅਰਲਾਈਨ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਉਸ ਨੇ ਰਿੱਛ ਨੂੰ ਸ਼ਾਂਤ ਕਰਨ ਲਈ ਦੁਬਈ ਦੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਰਿੱਛ ਜਹਾਜ਼ ਦੇ ਕਾਰਗੋ ਤੋਂ ਬਾਹਰ ਕਿਵੇਂ ਨਿਕਲਿਆ।
ਇਰਾਕ ਏਅਰਵੇਜ਼ ਮੁਤਾਬਕ ਰਿੱਛ ਨੂੰ ਦੁਬਈ ਤੋਂ ਬਗਦਾਦ ਲਿਆਂਦਾ ਜਾ ਰਿਹਾ ਸੀ। ਏਅਰਲਾਈਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਿੱਛ ਨੂੰ ਲਿਜਾਣ ਲਈ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ।
ਜਦੋਂ ਰਿੱਛ ਜਹਾਜ਼ ਤੋਂ ਬਾਹਰ ਨਿਕਲਿਆ ਤਾਂ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਕੁਝ ਲੋਕ ਰਿੱਛ ਨੂੰ ਵਾਪਸ ਕਾਰਗੋ ਵਿਚ ਪਾਉਂਦੇ ਨਜ਼ਰ ਆ ਰਹੇ ਹਨ। ਘਟਨਾ ‘ਚ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ।
ਦੁਬਈ ਦੁਨੀਆਂ ਦਾ ਸਭ ਤੋਂ ਮਸਰੂਫ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਉਨ੍ਹਾਂ ਇਸ ਮਾਮਲੇ ਵਿਚ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਕਿਸੇ ਵੀ ਅਧਿਕਾਰੀ ਨੇ ਰਿੱਛ ਦੇ ਮਾਲਕ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਇਰਾਕ ‘ਚ ਅਮੀਰ ਅਤੇ ਮਸ਼ਹੂਰ ਲੋਕਾਂ ‘ਚ ਰਿੱਛ ਰੱਖਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।