#PUNJAB

ਦੁਨੀਆਂ ਨੂੰ ਅਲਵਿਦਾ ਕਹਿ ਗਏ ਉੱਘੇ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ

ਪਿਛਲੇ ਲੰਬੇ ਸਮੇਂ ਤੋਂ ਸੀ ਬਿਮਾਰ
ਲੁਧਿਆਣਾ, 26 ਜੁਲਾਈ (ਪੰਜਾਬ ਮੇਲ)- 80-90 ਦੇ ਦਹਾਕੇ ਦੇ ਮਸ਼ਹੂਰ ਲੋਕ ਗਾਇਕ ਸੁਰਿੰਦਰ ਸ਼ਿੰਦਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਡੀ.ਐੱਮ.ਸੀ. ਹਸਪਤਾਲ ਵਿਖੇ ਆਖ਼ਰੀ ਸਾਹ ਲਏ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ।
ਇਸ ਤੋਂ ਬਾਅਦ ਸਰੀਰ ‘ਚ ਇਨਫੈਕਸ਼ਨ ਫੈਲਣ ਕਾਰਨ ਉਨ੍ਹਾਂ ਨੂੰ ਡੀ.ਐੱਮ.ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਦੀ ਅਫ਼ਵਾਹ ਵੀ ਫੈਲੀ ਸੀ ਪਰ ਉਨ੍ਹਾਂ ਦੇ ਪੁੱਤਰ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਸੀ। ਦੱਸਣਯੋਗ ਹੈ ਕਿ ਮਸ਼ਹੂਰ ਗਾਇਕ ਸੁਰਿੰਦਰ ਪਾਲ ਧੰਮੀ, ਜਿਨ੍ਹਾਂ ਨੂੰ ਅਸੀਂ ਸੁਰਿੰਦਰ ਛਿੰਦਾ ਵਜੋਂ ਜਾਣਦੇ ਹਾਂ, ਉਨ੍ਹਾਂ ਦਾ ਜਨਮ 20 ਮਈ, 1953 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ, ਪੰਜਾਬ ‘ਚ ਹੋਇਆ ਸੀ।
ਸੁਰਿੰਦਰ ਸ਼ਿੰਦਾ ਦਾ ਜਨਮ ਇੱਕ ਰਾਮਗੜ੍ਹੀਆ ਪਰਿਵਾਰ ‘ਚ ਹੋਇਆ ਸੀ। ਪੰਜਾਬੀ ਸੰਗੀਤ ਜਗਤ ‘ਚ ਆਉਣ ਤੋਂ ਪਹਿਲਾਂ ਸ਼ਿੰਦਾ ਸਰੂਪ ਮਕੈਨੀਕਲ ਵਰਕਸ ‘ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 ‘ਚ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੇ ਦਿਹਾਂਤ ਕਾਰਨ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਫੈਲ ਗਈ ਹੈ।
ਸੁਰਿੰਦਰ ਛਿੰਦਾ ਨੂੰ ਆਧੁਨਿਕ ਪੰਜਾਬੀ ਸੰਗੀਤ ਦਾ ਪਿਤਾਮਾ ਸਮਝਿਆ ਜਾਂਦਾ ਹੈ।

ਸੁਰਿੰਦਰ ਸ਼ਿੰਦਾ ਦਾ ਪਿਛੋਕੜ (ਅਰਵਿੰਦਰ ਸਿੰਘ ਪਨੇਸਰ)
ਸੁਰਿੰਦਰ ਸ਼ਿੰਦਾ ਜਨਮ ਰਾਮਗੜ੍ਹੀਆ ਕਿਰਤੀ ਪਰਿਵਾਰ ਦੇ ਸ਼੍ਰੀ ਬਚਨ ਰਾਮ ਅਤੇ ਮਾਤਾ ਸ਼੍ਰੀਮਤੀ ਵਿਦਿਆਵਤੀ ਦੇ ਗ੍ਰਹਿ ਵਿਖੇ ਤਕਰੀਬਨ 70 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਬਚਨ ਰਾਮ ਵੀ ਗਾਇਕੀ ਦੇ ਸ਼ੌਕੀਨ ਸਨ। ਉਨ੍ਹਾਂ ਨੂੰ ਵੇਖ ਕੇ ਸੁਰਿੰਦਰ ਸ਼ਿੰਦਾ ਵੀ ਗਾਉਣ ਲੱਗ ਪਿਆ। 1972-73 ਵਿਚ ਸੁਰਿੰਦਰ ਸ਼ਿੰਦਾ ਉਸਤਾਦ ਜਸਵੰਤ ਭੰਵਰਾ ਦੇ ਲੜ ਲੱਗ ਗਏ ਅਤੇ ਉਨ੍ਹਾਂ ਕੋਲੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਪ੍ਰਸਿੱਧ ਕੰਪਨੀ ਐੱਚ.ਐੱਮ.ਵੀ. ਨੇ ਉਨ੍ਹਾਂ ਦਾ ਪਹਿਲਾ ਰਿਕਾਰਡ ‘ਘੱਗਰਾ ਸੂਫ ਦਾ’ ਤਿਆਰ ਕੀਤਾ। ਇੰਝ ਉਨ੍ਹਾਂ ਨੇ ਪੇਸ਼ੇਵਰ ਗਾਇਕੀ ਵਿਚ ਪਹਿਲਾ ਕਦਮ ਰੱਖਿਆ। ਪ੍ਰਸਿੱਧ ਸੰਗੀਤਕਾਰ ਚਰਨਜੀਤ ਅਹੂਜਾ ਨੇ ਵੀ ਸੁਰਿੰਦਰ ਸ਼ਿੰਦੇ ਦੇ ਕਾਫੀ ਗੀਤ ਰਿਕਾਰਡ ਕਰਵਾਏ, ਜਿਸ ਨਾਲ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ। ਸੁਰਿੰਦਰ ਸ਼ਿੰਦਾ ਨੇ ਆਪਣੇ ਸਮੇਂ ਵਿਚ ਲੋਕ ਗਾਥਾਵਾਂ ਜਾਂ ਦੋਗਾਣੇ ਗਾਏ। ਉਨ੍ਹਾਂ ਦੇ ਗਾਏ ਗੀਤ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਜਾਂਦੇ ਸਨ। ਉਨ੍ਹਾਂ ਦੇ ਗਾਏ ‘ਬਾਰੀ ਖੋਲ੍ਹ ਕੇ ਵਾਹਿਗੁਰੂ ਬੋਲ ਕੇ’, ‘ਦੋ ਊਠਾਂ ਵਾਲੇ ਨੀਂ’, ‘ਜੰਞ ਚੜ੍ਹੀ ਅਮਲੀ ਦੀ’, ‘ਬੱਦਲਾਂ ਨੂੰ ਪੁੱਛ ਗੋਰੀਏ’, ‘ਜਿਊਣਾ ਮੋੜ’, ‘ਉੱਚਾ ਬੁਰਜ ਲਾਹੌਰ ਦਾ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਸੁੱਚਾ ਸੂਰਮਾ’, ‘ਤਾਰਾ ਰੋਂਦੀ ਤੇ ਕਰਲਾਉਂਦੀ’, ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’, ‘ਮਾਲਵੇ ਦੇ ਜੱਟ’, ‘ਮੈਂ ਕਿਹੜੀ ਖੁਦਾਈ ਮੰਗ ਲਈ’, ‘ਦਿੱਲੀ ਸ਼ਹਿਰ ਦੀਆਂ ਕੁੜੀਆਂ’ ਆਦਿ ਜ਼ਿਕਰਯੋਗ ਹਨ।
ਸੁਰਿੰਦਰ ਸ਼ਿੰਦਾ ਨੇ ਅਨੇਕਾਂ ਪੰਜਾਬੀ ਫ਼ਿਲਮਾਂ ਵਿਚ ਅਦਾਕਾਰੀ ਅਤੇ ਸੰਗੀਤ ਵੀ ਦਿੱਤਾ ਅਤੇ ਇੱਕ ਹਿੰਦੀ ਫ਼ਿਲਮ ਵਿਚ ਵੀ ਗੀਤ ਗਾਉਣ ਦਾ ਮਾਣ ਮਿਲਿਆ। ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ ਵਿਚ ਨਵੇਂ ਤਜ਼ਰਬੇ ਵੀ ਕੀਤੇ, ਜੋ ਸਫ਼ਲ ਰਹੇ, ਜਿਵੇਂ ‘ਜਿਊਣਾ ਮੋੜ’ ਰਿਕਾਰਡ ਵਿਚ ਉਸ ਨੇ ਕੁਮੈਂਟਰੀ ਕਰਦਿਆਂ, ਜਿਊਣਾ ਅਤੇ ਇਸ ਗਾਥਾ ਦੇ ਹੋਰਨਾਂ ਪਾਤਰਾਂ ਨੂੰ ਗੀਤ ਦੇ ਨਾਲ ਆਪਣੀ ਆਵਾਜ਼ ਵਿਚ ਬਾਖ਼ੂਬੀ ਪੇਸ਼ ਕੀਤਾ। ਇਸ ਤੋਂ ਇਲਾਵਾ ‘ਉੱਚਾ ਬੁਰਜ ਲਾਹੌਰ ਦਾ’, ‘ਤੀਆਂ ਲੌਂਗੋਵਾਲ ਦੀਆਂ’, ‘ਮੈਂ ਡਿੱਗੀ ਤਿਲਕ ਕੇ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਰੱਖ ਲੈ ਕਲੰਡਰ ਯਾਰਾ’, ‘ਜੰਞ ਚੜੀ ਅਮਲੀ ਦੀ’, ‘ਤਲਾਕ ਅਮਲੀ ਦਾ’, ‘ਘੁੱਢ ਚੱਕ ਮਾਰਦੇ ਸਲੂਟ’, ‘ਗੱਲਾਂ ਸੋਹਣੇ ਯਾਰ ਦੀਆਂ’, ‘ਮੈਂ ਨਾ ਅੰਗਰੇਜ਼ੀ ਜਾਣਦੀ’, ‘ਦਿਲ ਪੇਂਡੂ ਜੱਟ ਲੈ ਗਿਆ’, ‘ਤੋਹਫ਼ੇ’ ਆਦਿ ਰਿਕਾਰਡਾਂ ਤੇ ਕੈਸਿਟਾਂ ਨੇ ਸਮੇਂ-ਸਮੇਂ ਜੋ ਪ੍ਰਸਿੱਧੀ ਹਾਸਲ ਕੀਤੀ, ਉਹ ਕਿਸੇ ਕੋਲੋਂ ਛੁਪੀ ਨਹੀਂ। ਉਸ ਨੇ ਚਰਚਿਤ ਗਾਇਕਾਵਾਂ ਅਨੁਰਾਧਾ ਪੌਡੋਂਵਾਲ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਸਵਿਤਾ ਸਾਥੀ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ, ਰੁਪਿੰਦਰ ਰੰਜਨਾ, ਕੁਲਦੀਪ ਕੌਰ, ਪਰਮਿੰਦਰ ਸੰਧੂ ਅਤੇ ਸੁਦੇਸ਼ ਕੁਮਾਰੀ ਆਦਿ ਨਾਲ ਵੀ ਦੋਗਾਣੇ ਗਾਏ। ਉਸ ਦੇ ਅਨੇਕਾਂ ਸ਼ਗਿਰਦਾਂ ਨੇ ਵੀ ਗਾਇਕੀ ਵਿਚ ਨਾਮਣਾ ਖੱਟਿਆ, ਜਿਨ੍ਹਾਂ ਵਿਚੋਂ ਮਰਹੂਮ ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਨ ਸਿਕੰਦਰ ਆਦਿ ਸ਼ਾਮਲ ਸਨ।

Leave a comment