#PUNJAB

ਦੁਨੀਆਂ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਨਾਲ ਭਿੜਨ ਵਾਲੇ ਮੁੱਕੇਬਾਜ਼ ਕੌਰ ਸਿੰਘ ਦਾ ਦੇਹਾਂਤ

ਦਿੜ੍ਹਬਾ, 27 ਅਪ੍ਰੈਲ (ਪੰਜਾਬ ਮੇਲ)- ਦੁਨੀਆ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਨਾਲ ਪ੍ਰਦਰਸ਼ਨੀ ਮੈਚ ਖੇਡਣ ਵਾਲੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨ ਕੌਰ ਸਿੰਘ ਦਾ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਦੇ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 74 ਸਾਲਾਂ ਦੇ ਸਨ। ਉਹ ਸ਼ੂਗਰ ਤੋਂ ਪੀੜਤ ਹੋਣ ਕਾਰਨ ਪਹਿਲਾਂ ਉਨ੍ਹਾਂ ਦਾ ਇਲਾਜ ਪਟਿਆਲਾ ਵਿਖੇ ਚੱਲ ਰਿਹਾ ਸੀ। ਬੀਤੀ ਰਾਤ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਕੁਰੂਕਸ਼ੇਤਰ ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਆਖਰੀ ਸਾਹ ਲਿਆ। ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲਾਂ ਦੀਆਂ ਕਿਤਾਬਾਂ ‘ਚ ਉਨ੍ਹਾਂ ਜੀਵਨੀ ਛਾਪਣ ਦਾ ਐਲਾਨ ਕੀਤਾ ਸੀ। ਭਾਰਤੀ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਖਨਾਲ ਖੁਰਦ ਵਿਖੇ ਰਹਿ ਰਹੇ ਸਨ। ਉਨ੍ਹਾਂ ਨੇ 1982 ਦੀਆਂ ਏਸ਼ੀਅਨ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਛੇ ਸੋਨ ਤਗਮੇ ਜਿੱਤੇ। ਉਨ੍ਹਾਂ ਦੇ ਯਾਦਗਾਰੀ ਮੈਚਾਂ ਵਿਚੋਂ ਇੱਕ ਚਾਰ-ਗੇੜ ਦਾ ਪ੍ਰਦਰਸ਼ਨੀ ਮੈਚ ਸੀ, ਜੋ ਉਨ੍ਹਾਂ 27 ਜਨਵਰੀ 1980 ਨੂੰ ਦਿੱਲੀ ਵਿਚ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਨਾਲ ਖੇਡਿਆ ਸੀ। ਉਨ੍ਹਾਂ ਨੇ ਨਵੀਂ ਦਿੱਲੀ ਵਿਚ 1982 ਦੀਆਂ ਏਸ਼ੀਆਈ ਖੇਡਾਂ ਵਿਚ ਹੈਵੀਵੇਟ ਮੁੱਕੇਬਾਜ਼ੀ ਦਾ ਸੋਨ ਤਗਮਾ ਜਿੱਤਿਆ ਸੀ। ਕੌਰ ਸਿੰਘ ਨੂੰ 1982 ਵਿਚ ਅਰਜੁਨ ਅਵਾਰਡ, 1983 ‘ਚ ਪਦਮਸ੍ਰੀ ਅਤੇ 1988 ‘ਚ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

Leave a comment