#INDIA

ਦਿੱਲੀ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਇਲੈਕਸ਼ਨ ਕਮਿਸ਼ਨ ਦੀ ਰੇਡ

ਨਵੀਂ ਦਿੱਲੀ, 30 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਰੇਡ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਸਥਿਤ ਕਪੂਰਥਲਾ ਹਾਊਸ ਵਿਚ ਇਲੈਕਸ਼ਨ ਕਮਿਸ਼ਨ ਦੀ ਟੀਮ ਤਲਾਸ਼ੀ ਲੈਣ ਪਹੁੰਚੀ। ਇਸ ਸਬੰਧੀ ਆਪ ਦੇ ਸੂਤਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਟੀਮ ਵੱਲੋਂ ਇਹ ਕਾਰਵਾਈ ਕਪੂਰਥਲਾ ਹਾਊਸ ਵਿਚ ਕੀਤੀ ਗਈ ਹੈ। ਕਪੂਰਥਲਾ ਹਾਊਸ ਵਿਚ ਹੀ ਆਪਣੇ ਦਿੱਲੀ ਦੇ ਦੌਰੇ ਦੌਰਾਨ ਰੁੱਕਦੇ ਹਨ। ਫਿਲਹਾਲ ਇਸ ਬਾਰੇ ਚੋਣ ਕਮਿਸ਼ਨ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਮੀਡੀਆ ਰਿਪਰੋਟਾਂ ਮੁਤਾਬਕ ਨੇ ਚੋਣ ਕਮਿਸ਼ਨ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਵੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਸਿਲਸਿਲੇ ਵਿਚ ਭਗਵੰਤ ਮਾਨ ਦਿੱਲੀ ਵਿਚ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਅੱਜ ਜਦੋਂ ਰੇਡ ਕੀਤੀ ਗਈ, ਤਾਂ ਸੀ.ਐੱਮ. ਮਾਨ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨਾਲ ਅੰਮ੍ਰਿਤਪੁਰੀ ਗੜ੍ਹੀ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਇਕ ਰੈਲੀ ਨੂੰ ਸੰਬੋਧਨ ਕੀਤਾ ਗਿਆ।
ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੂੰ ਸੀ ਵਿਜ਼ਨ ਐਪ ਰਾਹੀਂ ਇਕ ਗੰਭੀਰ ਸ਼ਿਕਾਇਤ ਮਿਲੀ ਸੀ, ਜਿਸ ਮੁਤਾਬਕ ਉੱਥੇ ਨਕਦੀ ਵੰਡੀ ਜਾ ਰਹੀ ਸੀ। ਸ਼ਿਕਾਇਤ ਦੇ ਆਧਾਰ ‘ਤੇ ਐੱਫ.ਐੱਸ.ਟੀ. (ਫਲਾਈਂਗ ਸੁਕੈਅਡ ਟੀਮ) ਛਾਪਾ ਮਾਰਨ ਲਈ ਕਪੂਰਥਲਾ ਹਾਊਸ ਪਹੁੰਚੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਐੱਫ.ਐੱਸ.ਟੀ. ਰਿਟਰਨਿੰਗ ਅਫ਼ਸਰ ਦੇ ਅਧੀਨ ਕੰਮ ਕਰਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਹੋਈ ਰੇਡ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ”ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ ‘ਚ ਬੀ.ਜੇ.ਪੀ. ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਨਹੀਂ ਦਿਖ ਰਿਹਾ। ਇਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀ.ਜੇ.ਪੀ. ਦੇ ਇਸ਼ਾਰੇ ‘ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।”