#INDIA

ਦਿੱਲੀ ‘ਚ Corona ਦੇ ਸਬ-ਵੇਰੀਐਂਟ ਜੇ ਐੈੱਨ-1 ਦੀ ਦਸਤਕ

ਨਵੀਂ ਦਿੱਲੀ, 28 ਦਸੰਬਰ (ਪੰਜਾਬ ਮੇਲ)- ਦੇਸ਼ ਦੀ ਰਾਜਧਾਨੀ ਦਿੱਲੀ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਸਬ-ਵੇਰੀਐਂਟ ਜੇ. ਐੱਨ.-1 ਦਾ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ ਇਕ ਦੀ ਰਿਪੋਰਟ ਜੇ. ਐੱਨ.-1 ਨਾਲ ਪਾਜ਼ੀਟਿਵ ਪਾਈ ਗਈ ਹੈ, ਜਦੋਂਕਿ 2 ਓਮੀਕਰੋਨ ਨਾਲ ਸੰਕਰਮਿਤ ਹਨ। ਮਾਹਿਰਾਂ ਅਨੁਸਾਰ ਜੇ.ਐੱਨ.-1 ਦੇ ਲੱਛਣ ਜ਼ੁਕਾਮ ਅਤੇ ਬੁਖਾਰ ਹਨ। ਇਹ ਹਲਕਾ ਹੈ ਪਰ ਸਾਵਧਾਨੀ ਜ਼ਰੂਰੀ ਹੈ।
ਦਿੱਲੀ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 35 ਤੋਂ ਵੱਧ ਹੈ। ਬੁੱਧਵਾਰ ਨੂੰ 9 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹੋਰ ਬਿਮਾਰੀਆਂ ਤੋਂ ਪੀੜਤ 28 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਕੋਰੋਨਾ ਮੌਤ ਦਾ ਕਾਰਨ ਨਹੀਂ ਹੈ। ਉਹ ਵਿਅਕਤੀ ਦਿੱਲੀ ਦਾ ਨਹੀਂ ਸੀ ਪਰ ਉਸ ਨੂੰ ਹਾਲ ਹੀ ਵਿਚ ਦਿੱਲੀ ਰੈਫਰ ਕੀਤਾ ਗਿਆ ਸੀ। ਇਸ ਵਿਅਕਤੀ ਦਾ ਸੈਂਪਲ ਵੀ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਸੀ ਕਿ ਭਾਰਤ ਦੇ ਦੱਖਣੀ ਰਾਜਾਂ ‘ਚ ਇਹ ਵੇਰੀਐਂਟ ਵਧਦਾ ਨਜ਼ਰ ਆ ਰਿਹਾ ਹੈ। ਅਸੀਂ ਦਿੱਲੀ ਦੇ ਅੰਦਰ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਦਿੱਲੀ ਵਿਚ ਹਰ ਰੋਜ਼ ਲਗਭਗ 250 ਤੋਂ 400 ਟੈਸਟ ਕੀਤੇ ਜਾ ਰਹੇ ਹਨ। ਸਿਹਤ ਸਕੱਤਰ ਨੂੰ ਰੋਜ਼ਾਨਾ ਗਿਣਤੀ ਦੇਣ ਲਈ ਕਿਹਾ ਗਿਆ ਹੈ। ਜੀਨੋਮ ਸੀਕਵੈਂਸਿੰਗ ਰਿਪੋਰਟ ਭੇਜਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਨਵਾਂ ਵੇਰੀਐਂਟ ਵੀ ਹਲਕਾ ਹੈ। ਇਸ ਤੋਂ ਕੋਈ ਵੱਡਾ ਖ਼ਤਰਾ ਨਹੀਂ ਹੈ ਪਰ ਸਾਵਧਾਨ ਰਹਿਣ ਵਿਚ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਵਧਾਨ ਰਹਿਣ ਪਰ ਜ਼ਿਆਦਾ ਘਬਰਾਉਣ ਨਾ।