ਚੰਡੀਗੜ੍ਹ, 9 ਮਈ (ਪੰਜਾਬ ਮੇਲ)- ਦਿੱਲੀ ਏਅਰਪੋਰਟ ‘ਤੇ ਜਾਣ ਵਾਲੇ ਯਾਤਰੀਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਪ੍ਰਵਾਸੀ ਘੱਟ ਕਿਰਾਏ ਉੱਤੇ ਵੋਲਵੋ ਬੱਸ ਦਾ ਫਾਇਦਾ ਲੈ ਸਕਣਗੇ। ਪੀ.ਆਰ.ਟੀ.ਸੀ. ‘ਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਫ਼ਰ ਲਈ 6 ਬੱਸਾਂ ਹੋਰ ਸ਼ਾਮਿਲ ਕੀਤੀਆਂ ਗਈਆਂ ਹਨ। ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਲੰਮੇ ਸਮੇਂ ਦੀ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਨਾਲ ਮਿਲ ਰਹੇ ਸਾਥ ਨਾਲ ਵਿਭਾਗ ਜਲਦ ਵਾਧੇ ਦਾ ਵਿਭਾਗ ਬਣ ਕੇ ਉਭਰੇਗਾ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਨਵੀਆਂ ਛੇ ਵੋਲਵੋ ਬੱਸਾਂ ਪੰਜਾਬ ਦੇ ਵੱਖ-ਵੱਖ ਅੱਡਿਆਂ ‘ਚੋਂ ਦਿੱਲੀ ਏਅਰਪੋਰਟ ਜਾਇਆ ਕਰਨਗੀਆਂ, ਜਿਸ ਨਾਲ ਹੁਣ ਲੋਕ ਸਸਤੇ ਤੇ ਸੁਖਾਲੇ ਸਫ਼ਰ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪ੍ਰਾਈਵੇਟ ਬੱਸਾਂ ਦੀ ਮਨਮਰਜ਼ੀ ਕਾਰਨ ਲੋਕ ਪਰੇਸ਼ਾਨ ਨਹੀਂ ਹੋ ਸਕਣਗੇ।