#INDIA

ਦਿੱਲੀ ਅਦਾਲਤ ਵੱਲੋਂ ਬ੍ਰਿਜ ਭੂਸ਼ਣ ਖ਼ਿਲਾਫ਼ ਚਾਰਜਸ਼ੀਟ ਬਾਰੇ ਅਦਾਲਤੀ ਫੈਸਲਾ ਪਹਿਲੀ ਨੂੰ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਦਿੱਲੀ ਕੋਰਟ ਨੇ ਕਿਹਾ ਕਿ ਉਹ ਭਾਜਪਾ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦਾ ਅਹੁਦਾ ਛੱਡ ਰਹੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ 6 ਮਹਿਲਾ ਪਹਿਲਵਾਨਾਂ ਵੱਲੋਂ ਲਾਏ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਤ ਕੇਸ ਵਿਚ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਣ ਬਾਰੇ 1 ਜੁਲਾਈ ਨੂੰ ਫੈਸਲਾ ਸੁਣਾਏਗੀ। ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਸੰਖੇਪ ਸੁਣਵਾਈ ਮਗਰੋਂ ਕੇਸ ਨੂੰ 1 ਜੁਲਾਈ ਤੱਕ ਮੁਲਤਵੀ ਕਰ ਦਿੱਤਾ। ਜੱਜ ਨੇ ਕਿਹਾ, ”ਨਵੀਂ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਸ ‘ਤੇ ਗੌਰ ਕਰਨ ਦਿੱਤਾ ਜਾਵੇ ਕਿਉਂ ਜੋ ਇਹ ਲੰਮੀ ਚਾਰਜਸ਼ੀਟ ਹੈ, ਅਸੀਂ ਅਗਲੇ ਕੁਝ ਦਿਨਾਂ ਵਿਚ ਇਸ ‘ਤੇ ਗੌਰ ਕਰਾਂਗੇ।” ਉਂਜ ਸੁਣਵਾਈ ਦੌਰਾਨ ਜੱਜ ਨੇ ਪਹਿਲਵਾਨਾਂ ਵੱਲੋਂ ਪਹਿਲਾਂ ਦਰਜ ਉਸ ਪਟੀਸ਼ਨ ਨੂੰ ‘ਅਰਥਹੀਣ’ ਦੱਸ ਕੇ ਖਾਰਜ ਕਰ ਦਿੱਤਾ, ਜਿਸ ਵਿਚ ਕੋਰਟ ਦੀ ਨਿਗਰਾਨੀ ਵਿਚ ਜਾਂਚ ਦੀ ਮੰਗ ਕੀਤੀ ਗਈ ਸੀ। ਜੱਜ ਨੇ ਕਿਹਾ, ”ਕਿਉਂ ਜੋ ਮੌਜੂਦਾ ਸਮੇਂ ਚਾਰਜਸ਼ੀਟ ਪਹਿਲਾਂ ਹੀ ਦਾਖਲ ਕੀਤੀ ਜਾ ਚੁੱਕੀ ਹੈ, ਨਿਗਰਾਨੀ ਹੇਠ ਜਾਂਚ ਦੀ ਮੰਗ ਕਰਦੀ ਅਰਜ਼ੀ ਹੁਣ ਅਰਥਹੀਣ ਹੋ ਗਈ ਹੈ।” ਕਾਬਿਲੇਗੌਰ ਹੈ ਕਿ ਦਿੱਲੀ ਪੁਲਿਸ ਨੇ 15 ਜੂਨ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 354, 354ਏ, 354ਡੀ ਤੇ 506 ਤਹਿਤ ਦਰਜ ਕੇਸ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ਵਿਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਅੱਤਲ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਵੀ ਨਾਮ ਸ਼ਾਮਲ ਹੈ।

Leave a comment