#PUNJAB

ਦਸਤਾਰ ‘ਤੇ ਟੋਪੀ ਰੱਖਣ ਦਾ ਮਾਮਲਾ; ਚੰਨੀ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਗਲਤੀ ਦੀ ਖਿਮਾ ਯਾਚਨਾ

– ਚੰਨੀ ਵੱਲੋਂ ਲਿਖਿਆ ਮੁਆਫ਼ੀ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ
ਅੰਮ੍ਰਿਤਸਰ, 20 ਫਰਵਰੀ (ਪੰਜਾਬ ਮੇਲ)- ਦਸਤਾਰ ‘ਤੇ ਟੋਪੀ ਰੱਖਣ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਗਲਤੀ ਦੀ ਖਿਮਾ ਯਾਚਨਾ ਕੀਤੀ ਹੈ। ਇਸ ਸਬੰਧ ਵਿਚ ਇੱਕ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਪੱਤਰ ਉੱਪਰ ਚਰਨਜੀਤ ਸਿੰਘ ਚੰਨੀ ਦੇ ਦਸਤਖ਼ਤ ਹਨ ਅਤੇ ਇਹ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖਿਆ ਗਿਆ ਹੈ। ਇਸ ਪੱਤਰ ਵਿਚ ਲਿਖਿਆ ਗਿਆ ਹੈ ਕਿ ਪਿਛਲੇ ਦਿਨੀਂ ਚੰਨੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਸ਼ਿਮਲਾ ਗਏ ਸਨ। ਉੱਥੇ ਉਨ੍ਹਾਂ ਨੂੰ ਸਨਮਾਨ ਵਜੋਂ ਇੱਕ ਸ਼ਾਲ ਅਤੇ ਹਿਮਾਚਲ ਦੀ ਰਵਾਇਤੀ ਟੋਪੀ ਭੇਟ ਕੀਤੀ ਗਈ ਸੀ। ਉਨ੍ਹਾਂ ਗ਼ਲਤੀ ਨਾਲ ਇਹ ਟੋਪੀ ਪਗੜੀ ‘ਤੇ ਰੱਖ ਲਈ ਸੀ। ਆਪਣੀ ਇਸ ਗਲਤੀ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਨਿਮਾਣੇ ਸਿੱਖ ਵਜੋਂ ਹੋਈ ਇਸ ਗ਼ਲਤੀ ਲਈ ਉਹ ਸਮੂਹ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਦੇ ਹਨ। ਇਸ ਭੁੱਲ ਨੂੰ ਬਖਸ਼ਾਉਣ ਵਾਸਤੇ ਉਹ ਆਪਣੇ ਗ੍ਰਹਿ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਅਤੇ ਗੁਰਬਾਣੀ ਦਾ ਕੀਰਤਨ ਵੀ ਕਰਵਾਉਣਗੇ।
ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇ ਇਸ ਤਰ੍ਹਾਂ ਦਾ ਕੋਈ ਵੀ ਪੱਤਰ ਮਿਲਣ ਤੋਂ ਇਨਕਾਰ ਕੀਤਾ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਹੁਣ ਤੱਕ ਕੋਈ ਮੁਆਫ਼ੀ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਾ ਹੀ ਕਿਸੇ ਨੇ ਦਸਤੀ ਰੂਪ ਵਿਚ ਅਤੇ ਨਾ ਹੀ ਈਮੇਲ ਜਾਂ ਫੈਕਸ ਰਾਹੀਂ ਅਜਿਹਾ ਮੁਆਫ਼ੀ ਪੱਤਰ ਭੇਜਿਆ ਹੈ।

Leave a comment