#PUNJAB

ਦਰਿਆਵਾਂ ’ਚ ਚੜ੍ਹੇ ਪਾਣੀ ਨੇ ਹਜ਼ਾਰਾਂ ਲੋਕ ਉਜਾੜੇ

* ਪੰਜਾਬ ਦੇ ਸੱਤ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆਏ * ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਬੱਚੇ ਦਰਿਆ ਵਿੱਚ ਰੁੜ੍ਹੇ * ਡੈਮਾਂ ’ਚੋਂ ਪਾਣੀ ਛੱਡਣ ਦੀ ਮਾਤਰਾ ਘਟਾਈ

* ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ 145 ਪਿੰਡ ਪਾਣੀ ’ਚ ਘਿਰੇ

* ਪਾਣੀ ਦੀ ਮਾਰ ਅੰਮ੍ਰਿਤਸਰ, ਤਰਨ ਤਾਰਨ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਤੱਕ ਵਧੀ

ਚੰਡੀਗੜ੍ਹ, ਪੰਜਾਬ ਵਿੱਚ ਦਰਿਆਵਾਂ ’ਚ ਚੜ੍ਹੇ ਪਾਣੀ ਨੇ ਮੁੜ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਡੈਮਾਂ ਵਿੱਚੋਂ ਪਾਣੀ ਛੱਡਣ ਦੀ ਕਟੌਤੀ ਦੇ ਬਾਵਜੂਦ ਸੂਬੇ ਦੇ ਕਰੀਬ ਸੱਤ ਜ਼ਿਲ੍ਹੇ ਦਰਿਆਈ ਪਾਣੀ ਦੀ ਮਾਰ ਹੇਠ ਆ ਗਏ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਝੰਡਾ ਲੁਬਾਣਾ ਵਿਚ ਦੋ ਬੱਚੇ ਜਸਕਰਨ ਸਿੰਘ ਅਤੇ ਦਿਲਪ੍ਰੀਤ ਸਿੰਘ ਦਰਿਆ ਦੇ ਪਾਣੀ ਵਿਚ ਰੁੜ੍ਹਨ ਕਰਕੇ ਆਪਣੀ ਜਾਨ ਗੁਆ ਬੈਠੇ ਹਨ ਜਦੋਂ ਕਿ ਲੰਘੇ ਦਿਨ ਕਪੂਰਥਲਾ ਵਿਚ ਇੱਕ ਵਿਅਕਤੀ ਪਾਣੀ ’ਚ ਰੁੜ੍ਹ ਗਿਆ ਸੀ। ਪੰਜਾਬ ਵਿਚ ਹਾਲਾਂਕਿ ਕਿਧਰੇ ਕੋਈ ਬਾਰਸ਼ ਨਹੀਂ ਹੈ, ਪਰ ਪਹਾੜਾਂ ’ਚੋਂ ਪਾਣੀ ਦੀ ਡੈਮਾਂ ਵਿਚ ਆਮਦ ਬਣੀ ਹੋਈ ਹੈ।

ਮੌਸਮ ਵਿਭਾਗ ਨੇ ਹੁਣ 20 ਅਗਸਤ ਤੱਕ ਹਿਮਾਚਲ ਪ੍ਰਦੇਸ਼ ’ਚ ਬਾਰਸ਼ ਨਾ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਨੇ ਦੋ ਮਹੀਨੇ ਦੇ ਅਰਸੇ ਵਿਚ ਦੋ ਹੜ੍ਹ ਦੇਖ ਲਏ ਹਨ। ਪਹਾੜਾਂ ਦਾ ਮੀਂਹ ਐਤਕੀਂ ਪੰਜਾਬ ’ਤੇ ਆਫ਼ਤ ਬਣ ਕੇ ਵਰ੍ਹਿਆ ਹੈ। ਵੇਰਵਿਆਂ ਅਨੁਸਾਰ ਡੈਮਾਂ ’ਚੋਂ ਛੱਡੇ ਪਾਣੀ ਕਰਕੇ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਕਪੂਰਥਲਾ ਪੂਰੀ ਤਰ੍ਹਾਂ ਲਪੇਟ ਵਿਚ ਆਏ ਹਨ ਜਦੋਂ ਕਿ ਹੁਣ ਹੜ੍ਹਾਂ ਦੇ ਪਾਣੀ ਨੇ ਆਪਣੀ ਮਾਰ ਅੰਮ੍ਰਿਤਸਰ, ਤਰਨ ਤਾਰਨ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਤੱਕ ਵਧਾ ਲਈ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਕਰੀਬ 70 ਪਿੰਡ ਪ੍ਰਭਾਵਿਤ ਹੋਏ ਹਨ। ਉਕਤ ਚਾਰ ਜ਼ਿਲ੍ਹਿਆਂ ਵਿਚ ਕਰੀਬ 150 ਪਿੰਡ ਪਾਣੀ ਵਿਚ ਘਿਰ ਗਏ ਹਨ। ਭਾਰਤੀ ਸੈਨਾ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਬਚਾਓ ਕਾਰਜ ਜਾਰੀ ਹਨ। ਹਰੀਕੇ ਹੈੱਡ ਵਰਕਸ ਤੋਂ ਪਾਕਿਸਤਾਨ ਵੱਲ ਕਰੀਬ 2.15 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚ ਪਾਣੀ ਦੀ ਮਾਰ ਹੇਠ ਆਉਣ ਕਰਕੇ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਗੁਰਦਾਸਪੁਰ ਮੁਕੇਰੀਆਂ ਸੜਕ ਵੀ ਸ਼ਾਮਲ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਧੁੱਸੀ ਬੰਨ੍ਹ ਵਿਚ ਪਾੜ ਪਿਆ ਹੈ। ਮੁਕੇਰੀਆਂ ਦੇ ਪਿੰਡਾਂ ’ਚ ਹਾਲਾਤ ਕਾਫ਼ੀ ਬੁਰੇ ਬਣੇ ਹੋਏ ਹਨ। ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿਚ ਪੈਂਦੇ ਪਿੰਡਾਂ ਵਿਚ ਪਾਣੀ ਭਰ ਗਿਆ ਹੈ ਅਤੇ ਕਾਲੀ ਵੇਈਂ ਵਿਚ ਵੀ ਪਾਣੀ ਦਾ ਉਛਾਲ ਆਇਆ ਹੈ। ਤਰਨ ਤਾਰਨ ਵਿਚ ਵੀ ਇੱਕ ਧੁੱਸੀ ਬੰਨ੍ਹ ਟੁੱਟਣ ਦੀ ਖ਼ਬਰ ਹੈ ਜਦੋਂ ਕਿ ਰੋਪੜ ਦੇ ਪਿੰਡ ਬੁਰਜ ਲਾਗੇ ਇੱਕ ਬੰਨ੍ਹ ਟੁੱਟਿਆ ਹੈ। ਬਿਆਸ ਨਦੀ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਛੂਹਣ ਲੱਗਾ ਹੈ। ਜਾਣਕਾਰੀ ਅਨੁਸਾਰ ਹਜ਼ਾਰਾਂ ਲੋਕ ਘਰਾਂ ਵਿਚ ਪਾਣੀ ਦਾਖਲ ਹੋਣ ਕਰਕੇ ਬੇਘਰ ਹੋ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਕਿਸਾਨਾਂ ਦੀ ਫ਼ਸਲ ਮੁੜ ਪ੍ਰਭਾਵਿਤ ਹੋਈ ਹੈ। ਡੈਮਾਂ ’ਤੇ ਨਜ਼ਰ ਮਾਰੀਏ ਤਾਂ ਪੌਂਗ ਡੈਮ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਪੌਂਗ ਡੈਮ ਵਿਚ ਪਾਣੀ ਦਾ ਪੱਧਰ 1395.48 ਫੁੱਟ ਹੈ ਅਤੇ ਇਸ ਨੂੰ 1390 ਫੁੱਟ ’ਤੇ ਲਿਆਉਣ ਦਾ ਟੀਚਾ ਹੈ। ਪੌਂਗ ਡੈਮ ’ਚੋਂ ਪਾਣੀ ਪਹਿਲਾਂ 1.50 ਲੱਖ ਕਿਊਸਿਕ ਛੱਡਿਆ ਜਾ ਰਿਹਾ ਸੀ ਜਿਸ ਨੂੰ ਹੁਣ ਇੱਕ ਲੱਖ ਤੋਂ ਹੇਠਾਂ ਲਿਆਂਦਾ ਗਿਆ ਹੈ। ਹਾਲਾਤ ਇਹ ਹਨ ਕਿ ਡੈਮ ਵਿਚ ਉੱਪਰੋਂ ਪਾਣੀ ਦੀ ਆਮਦ ਘੱਟ ਨਹੀਂ ਰਹੀ ਹੈ। ਪਹਾੜਾਂ ’ਚੋਂ ਅੱਜ ਵੀ ਡੈਮ ਵਿਚ 47 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1675.82 ਫੁੱਟ ਹੈ। ਭਾਖੜਾ ’ਚੋਂ ਪਾਣੀ ਛੱਡਣ ਵਿਚ ਕਟੌਤੀ ਕੀਤੀ ਗਈ ਹੈ ਅਤੇ ਹੁਣ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਪਹਿਲਾਂ ਇੱਕ ਲੱਖ ਕਿਊਸਿਕ ਸੀ। ਰਾਤ ਸਮੇਂ 10 ਹਜ਼ਾਰ ਕਿਊਸਿਕ ਪਾਣੀ ਹੋਰ ਘਟਾਉਣ ਦਾ ਟੀਚਾ ਹੈ। ਭਾਖੜਾ ਡੈਮ ਵਿਚ ਵੀ ਪਹਾੜਾਂ ਤੋਂ ਅਜੇ ਵੀ 40 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਦੋਵਾਂ ਡੈਮਾਂ ਦੇ ਫਲੱਡ ਗੇਟ ਹਾਲੇ ਖੁੱਲ੍ਹੇ ਹੀ ਰੱਖੇ ਜਾਣੇ ਹਨ। ਘੱਗਰ ਵਿਚ ਸਰਦੂਲਗੜ੍ਹ ਲਾਗੇ ਪਾਣੀ ਦਾ ਪੱਧਰ 14.5 ਫੁੱਟ ਹੈ ਜਦੋਂ ਕਿ ਖ਼ਤਰੇ ਦਾ ਨਿਸ਼ਾਨ 22.5 ਫੁੱਟ ’ਤੇ ਹੈ। ਜਲ ਸਰੋਤ ਵਿਭਾਗ ਨੇ ਆਪਣੇ ਅਫ਼ਸਰ ਅਤੇ ਮੁਲਾਜ਼ਮ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਲਗਾ ਦਿੱਤੇ ਹਨ। ਕਰੀਬ 11 ਐਕਸੀਅਨਾਂ ਦੀ ਟੀਮ ਨੂੰ ਇਸੇ ਕੰਮ ’ਤੇ ਤਾਇਨਾਤ ਕੀਤਾ ਹੈ ਅਤੇ ਰੋਜ਼ਾਨਾ ਇੱਕ ਲੱਖ ਭਰੇ ਹੋਏ ਬੋਰਿਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਪਿੰਡਾਂ ਵਿਚ ਪਾਣੀ ਭਰਿਆ ਹੈ, ਉੱਥੋਂ ਦੇ ਲੋਕਾਂ ਦੇ ਹਾਲਾਤ ਬਦਤਰ ਬਣੇ ਹੋਏ ਹਨ।

ਸਤਲੁਜ ਦਰਿਆ ਵਿਚ ਪਾਣੀ ਦੀ ਮਾਤਰਾ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। 9 ਅਤੇ 10 ਜੁਲਾਈ ਨੂੰ ਆਏ ਹੜ੍ਹਾਂ ਮੌਕੇ ਸਤਲੁਜ ਦਰਿਆ ਵਿਚ ਵੱਧ ਤੋਂ ਵੱਧ 2.14 ਲੱਖ ਕਿਊਸਿਕ ਪਾਣੀ ਹਰੀਕੇ ਕੋਲ ਚੱਲਿਆ ਸੀ, ਪਰ ਇਸ ਵੇਲੇ ਇਸ ਦਰਿਆ ਵਿਚ 2.35 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ। ਗਿੱਦੜਪਿੰਡੀ ਅਤੇ ਲੋਹੀਆਂ ਲਾਗੇ ਦਰਿਆ ਨੱਕੋ-ਨੱਕ ਭਰਿਆ ਹੋਇਆ ਹੈ।

ਡੈਮਾਂ ਨੂੰ ਨਵਾਂ ਹੱਲਾ ਝੱਲਣ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਬੇਸ਼ੱਕ ਆਉਂਦੇ ਦੋ ਦਿਨ ਹਿਮਾਚਲ ਪ੍ਰਦੇਸ਼ ਵਿਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਪੰਜਾਬ ਸਰਕਾਰ ਵੱਲੋਂ ਭਾਖੜਾ ਅਤੇ ਪੌਂਗ ਡੈਮ ’ਚੋਂ ਪਾਣੀ ਦਾ ਪੱਧਰ ਲਗਾਤਾਰ ਘਟਾਇਆ ਜਾਵੇਗਾ ਤਾਂ ਜੋ ਪਹਾੜਾਂ ਤੋਂ ਆਉਣ ਵਾਲੇ ਹੋਰ ਪਾਣੀ ਨੂੰ ਡੈਮ ਝੱਲ ਸਕਣ। 1988 ਵਿਚ ਸਤੰਬਰ ਮਹੀਨੇ ਵਿਚ ਹੜ੍ਹ ਆਏ ਸਨ ਅਤੇ ਇਸ ਦੇ ਮੱਦੇਨਜ਼ਰ ਹੀ ਨਵੀਂ ਤਿਆਰੀ ਕੀਤੀ ਜਾ ਰਹੀ ਹੈ।

Leave a comment