#AMERICA

ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਸਾਈਨ ਬੋਰਡ ਦਾ ਉਦਘਾਟਨ

ਫਰਿਜ਼ਨੋ, 12 ਅਪ੍ਰੈਲ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਗੁਰਦੁਆਰਾ ਗੁਰ-ਨਾਨਕ ਪ੍ਰਕਾਸ਼ ਫਰਿਜ਼ਨੋ ਦਮਦਮੀ ਟਕਸਾਲ ਜੱਥਾ ਭਿੰਡਰਾ ਦੀ ਰਹਿਨੁਮਾਈ ਹੇਠ ਚਲਾਇਆ ਜਾ ਰਿਹਾ ਹੈ। ਜਿੱਥੇ ਹੋਏ ਵਿਸ਼ੇਸ਼ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਜਤਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਅਤੇ ਸਮੂੰਹ ਸੰਗਤ ਦਮਦਮੀ ਟਕਸਾਲ ਦੇ ਸਹਿਯੋਗ ਨਾਲ, ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਜੂਨ 1984 ਦੇ ਸਮੂਹ ਸ਼ਹੀਦ ਸਿੰਘ, ਸਿੰਘਣੀਆ ਅਤੇ ਭੁਝੰਗੀਆਂ ਦੀ ਯਾਦ ਨੂੰ ਸਮਰਪਿਤ ਕਰਕੇ ਇਤਿਹਾਸਕ ਇਤਿਹਾਸਕ ਯਾਦਗਾਰੀ ਸਾਈਨ ਬੋਰਡ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਸਥਾਨਕ ਗੁਰੂਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਵਾਸਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਲਿਆਂਦੀ ਗਈ ਨਵੀਂ ਪਾਲਕੀ ਸਾਹਿਬ ਦਾ ਵੀ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿਸ਼ੇਸ਼ ਉਦਘਾਟਨ ਕਾਰਜਾਂ ਨੂੰ ਸਮਰਪਿਤ ਤੇ ਵਿਸਾਖੀ ਦੇ ਜੋੜ ਮੇਲੇ ਦੇ ਸਬੰਧ ਵਿਚ ਭਾਰੀ ਦੀਵਾਨ ਸਜਾਏ ਗਏ। ਜਿਸ ਵਿਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਏ ਮੁੱਖ ਵਾਕ (ਹੁਕਮਨਾਮਾ) ਸਾਹਿਬ ਦੀ ਵਿਆਖਿਆ ਕੀਤੀ। ਇਸ ਸਮੇਂ ਹਾਜ਼ਰ ਬੇਅੰਤ ਸੰਗਤਾਂ ਨੇ ਗੁਰੂ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਗੁਰੂ ਦੇ ਲੰਗਰ ਅਤੁੱਟ ਵਰਤੇ ਅਤੇ ਬਹੁ ਗਿਣਤੀ ਸੰਗਤਾਂ ਗੁਰੂ ਨੂੰ ਨਤਮਸਤਕ ਹੋਈਆਂ।

Leave a comment