ਇਸਲਾਮਾਬਾਦ, 10 ਅਗਸਤ (ਪੰਜਾਬ ਮੇਲ)- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਜ਼ਾ ’ਤੇ ਤੁਰੰਤ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਟੀਸ਼ਨ ’ਤੇ ਚਾਰ-ਪੰਜ ਦਿਨਾਂ ਵਿੱਚ ਫੈਸਲਾ ਲਿਆ ਜਾਵੇਗਾ। ਫਿਲਹਾਲ ਅਟਕ ਜੇਲ ’ਚ ਬੰਦ ਇਮਰਾਨ ਨੇ ਬੀਤੇ ਦਿਨ ਇਸਲਾਮਾਬਾਦ ਹਾਈ ਕੋਰਟ ’ਚ ਆਪਣੇ ਵਕੀਲਾਂ ਰਾਹੀਂ ਪਟੀਸ਼ਨ ਦਾਇਰ ਕਰ ਕੇ ਇਸ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਨੂੰ ਚੁਣੌਤੀ ਦਿੰਦਿਆਂ ਤਿੰਨ ਸਾਲ ਦੀ ਸਜ਼ਾ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਚੀਫ਼ ਜਸਟਿਸ ਆਮਿਰ ਫਾਰੂਕ ਦੀ ਅਗਵਾਈ ਹੇਠ ਹੋਈ ਸੁਣਵਾਈ ਦੌਰਾਨ ਇਮਰਾਨ ਦੇ ਵਕੀਲ ਖਵਾਜਾ ਹਾਰਿਸ ਨੇ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਕੇਸ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਦਿੱਤੇ ਬਿਨਾਂ ਹੀ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ। ਉਨ੍ਹਾਂ ਅਦਾਲਤ ਨੂੰ ਇਸ ਪਟੀਸ਼ਨ ’ਤੇ ਕੱਲ੍ਹ ਤੋਂ ਸੁਣਵਾਈ ਕਰਨ ਦੀ ਅਪੀਲ ਕੀਤੀ। ਫੈਸਲਾ ਰੱਦ ਕਰਨ ਦੀ ਮੰਗ ਕਰਨ ਸਬੰਧੀ ਪਟੀਸ਼ਨ ’ਚ ਕਿਹਾ, ‘‘ਤੋਸ਼ਾਖਾਨਾ ਮਾਮਲੇ ’ਚ ਹੇਠਲੀ ਅਦਾਲਤ ਦਾ ਫੈਸਲਾ ਕਾਨੂੰਨ ਦੇ ਖ਼ਿਲਾਫ਼ ਹੈ।’’ ਚੀਫ਼ ਜਸਟਿਸ ਫਾਰੂਕ ਨੇ ਦਲੀਲਾਂ ਸੁਣਨ ਤੋਂ ਬਾਅਦ ਸਜ਼ਾ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਟੀਸ਼ਨ ਅਗਲੇ ਚਾਰ-ਪੰਜ ਦਿਨਾਂ ਵਿੱਚ ਨਿਯਮਤ ਸੁਣਵਾਈ ਲਈ ਸੂਚੀਬੱਧ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਧਿਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ।
ਇਸੇ ਤਰ੍ਹਾਂ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ ਦੀ ਅਟਕ ਜੇਲ੍ਹ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਭੇਜਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਫੈਡਰਲ ਅਤੇ ਪੰਜਾਬ ਦੀ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਇਸ ਪਟੀਸ਼ਨ ’ਚ ਉਨ੍ਹਾਂ ਆਪਣੀ ਕਾਨੂੰਨੀ ਟੀਮ, ਪਰਿਵਾਰਕ ਮੈਂਬਰਾਂ, ਡਾਕਟਰ ਫੈਜ਼ਲ ਸੁਲਤਾਨ ਅਤੇ ਸਿਆਸੀ ਸਹਿਯੋਗੀਆਂ ਨੂੰ ਨਿਯਮਤ ਤੌਰ ’ਤੇ ਮਿਲਣ ਦੇਣ ਦੀ ਇਜਾਜ਼ਤ ਵੀ ਮੰਗੀ ਸੀ। ‘ਡਾਅਨ’ ਅਖਬਾਰ ਦੀ ਰਿਪੋਰਟ ਅਨੁਸਾਰ ਖਾਨ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਆਈਐੱਚਸੀ ਦੇ ਚੀਫ਼ ਜਸਟਿਸ ਅਮੀਰ ਫਾਰੂਕ ਨੇ ਕਿਹਾ ਕਿ ਉਹ ਪਟੀਸ਼ਨਕਰਤਾ ਨੂੰ ਆਪਣੀ ਕਾਨੂੰਨੀ ਟੀਮ ਨੂੰ ਮਿਲਣ ਦੀ ਇਜਾਜ਼ਤ ਦੇਣ ਲਈ ਹੁਕਮ ਦੇਣਗੇ। ਅਟਕ ਤੋਂ ਅਡਿਆਲਾ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਅਦਾਲਤ ਨੇ ਸੰਘੀ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ 11 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਤੋਸ਼ਾਖਾਨਾ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਮਗਰੋਂ ਪੰਜਾਬ ਪੁਲੀਸ ਵੱਲੋਂ ਇਮਰਾਨ ਨੂੰ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਚੋਂ ਗ੍ਰਿਫ਼ਤਾਰ ਕਰ ਕੇ ਅਟਕ ਜੇਲ੍ਹ ਲਿਜਾਇਆ ਗਿਆ ਸੀ। ਹੇਠਲੀ ਅਦਾਲਤ ਨੇ ਇਸਲਾਮਾਬਾਦ ਪੁਲੀਸ ਨੂੰ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਪੰਜਾਬ ਪੁਲੀਸ ਨੇ ਕੀਤਾ। -ਪੀਟੀਆਈ
ਮੈਨੂੰ ਜੇਲ੍ਹ ’ਚੋਂ ਬਾਹਰ ਕੱਢਿਆ ਜਾਵੇ: ਇਮਰਾਨ
ਇਸਲਾਮਾਬਾਦ: ਤੋਸ਼ਾਖਾਨਾ ਮਾਮਲੇ ਵਿੱਚ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਵਕੀਲਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਟਕ ਜੇਲ੍ਹ ’ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਸੈੱਲ ਵਿੱਚ ਨਹੀਂ ਰਹਿਣਾ ਚਾਹੁੰਦੇ ਜਿੱਥੇ ਦਿਨ ’ਚ ਮੱਖੀਆਂ ਅਤੇ ਰਾਤ ਨੂੰ ਮੱਛਰ ਤੰਗ ਕਰਦੇ ਹੋਣ। ਇਮਰਾਨ ਨੂੰ ਤੋਸ਼ਾਖਾਨਾ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜੇਲ੍ਹ ਦੀ ਕਾਲ ਕੋਠੜੀ ’ਚ ਬੰਦ ਹੋਣ ਕਾਰਨ ਉਹ ਦੁਖੀ ਅਤੇ ਚਿੰਤਤ ਹਨ। ‘ਜੀਓ ਨਿਊਜ਼’ ਨੇ ਇਮਰਾਨ ਅਤੇ ਉਨ੍ਹਾਂ ਦੇ ਵਕੀਲ ਵਿਚਾਲੇ ਹੋਈ ਮੁਲਾਕਾਤ ਦੀ ਜਾਣਕਾਰੀ ਰੱਖਣ ਵਾਲੇ ਅਟਕ ਜੇਲ੍ਹ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਨੇ ਆਪਣੀ ਕਾਨੂੰਨੀ ਟੀਮ ਨੂੰ ਕਿਹਾ ਹੈ ਕਿ ਉਹ ਜੇਲ੍ਹ ਵਿੱਚ ਨਹੀਂ ਰਹਿਣਾ ਚਾਹੁੰਦੇ। ਅਧਿਕਾਰੀਆਂ ਨੇ ਖਾਨ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਇੱਥੋਂ ਬਾਹਰ ਕੱਢੋ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ।’’ਜੇਲ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਇਮਰਾਨ ਦੇ ਵਕੀਲ ਨਈਮ ਹੈਦਰ ਪੰਜੋਥਾ ਨੂੰ ਉਨ੍ਹਾਂ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਸੀ। ਪੰਜੋਥਾ ਨੇ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਇਮਰਾਨ ਚੜ੍ਹਦੀ ਕਲਾ ਵਿੱਚ ਹਨ। ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਪੀਟੀਆਈ ਦੇ ਚੇਅਰਮੈਨ ਨੇ ਆਪਣੇ ਵਕੀਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਜੇਲ੍ਹ ਦੇ ਹਾਲਾਤ ਬਾਰੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਉਹ ਸੈੱਲ ਵਿੱਚ ਮੱਖੀਆਂ-ਮੱਛਰਾਂ ਤੋਂ ਬਹੁਤ ਪ੍ਰੇਸ਼ਾਨ ਹਨ। -ਪੀਟੀਆਈ