#AMERICA

ਤੇਜ਼ ਝੱਖੜ ਅਤੇ ਭਾਰੀ ਬਾਰਿਸ਼ ਨੇ ਕੈਲੀਫੋਰਨੀਆ ਦਾ ਜਨਜੀਵਨ ਕੀਤਾ ਅਸਤ-ਵਿਅਸਤ

– ਰਾਸ਼ਟਰਪਤੀ ਵੱਲੋਂ ਮਦਦ ਦਾ ਐਲਾਨ
ਸੈਕਰਾਮੈਂਟੋ, 15 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਵਿਚ ਤੂਫ਼ਾਨ, ਭਾਰੀ ਬਾਰਿਸ਼ ਅਤੇ ਬਰਫਬਾਰੀ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ, ਜਿਸ ਨਾਲ ਬਹੁਤ ਸਾਰੀਆਂ ਸੜਕਾਂ ਅਤੇ ਫਰੀਵੇਅ ਦੇ ਉੱਤੋਂ ਦੀ ਪਾਣੀ ਲੰਘਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪਿਆ ਹੈ। ਬਹੁਤੇ ਦਰਿਆ ਅਤੇ ਨਹਿਰਾਂ ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਹੇ ਹਨ। ਮੌਸਮ ਵਿਭਾਗ ਵੱਲੋਂ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਹੋਇਆ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਕਈ ਥਾਵਾਂ ‘ਤੇ ਦਰੱਖਤ ਅਤੇ ਢਿੱਗਾਂ ਡਿੱਗਣ ਦੇ ਸਮਾਚਾਰ ਪ੍ਰਾਪਤ ਹੋਏ ਹਨ, ਜਿਸ ਨਾਲ ਰਸਤੇ ਬੰਦ ਹੋ ਗਏ ਹਨ। ਇਸ ਨਾਲ ਬਹੁਤ ਸਾਰੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਕਈ ਥਾਵਾਂ ‘ਤੇ ਪਾਣੀ 6 ਫੁੱਟ ਤੋਂ ਵੀ ਵੱਧ ਖੜ੍ਹਾ ਹੈ ਅਤੇ ਬਰਫਬਾਰੀ 8-8 ਫੁੱਟ ਤੱਕ ਪੈ ਚੁੱਕੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਦਰਿਆਵਾਂ ਅਤੇ ਨਦੀਆਂ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਹੇਠਲੇ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਹਾਲਾਤ ਦੇ ਮੱਦੇਨਜ਼ਰ ਕੈਲੀਫੋਰਨੀਆ ਨੂੰ ਮਦਦ ਦੇਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿਚ ਪਿਛਲੇ ਲਗਭਗ 4 ਸਾਲਾਂ ਤੋਂ ਸੋਕਾ ਪਿਆ ਹੋਇਆ ਸੀ। ਪਰ ਇਸ ਵਾਰ ਦੀ ਬਾਰਿਸ਼ ਨੇ ਪਾਣੀ ਦਾ ਪੱਧਰ ਫਿਰ ਉੱਚਾ ਕਰ ਦਿੱਤਾ ਹੈ।
ਭਾਰੀ ਬਾਰਿਸ਼ਾਂ ਕਾਰਨ ਵਪਾਰ ਅਤੇ ਟਰੱਕਿੰਗ ‘ਤੇ ਬੁਰਾ ਅਸਰ ਪਿਆ ਹੈ। ਇਸ ਵਾਰ ਬਰਫ ਜ਼ਿਆਦਾ ਪੈਣ ਕਾਰਨ ਟਰੱਕਿੰਗ ਬਿਜ਼ਨਸ ਲਗਭਗ ਠੱਪ ਹੋ ਕੇ ਰਹਿ ਗਿਆ ਹੈ। ਸਟੋਰਾਂ ਵਾਲਿਆਂ ਦੀ ਸੇਲ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ।

Leave a comment