ਨਵੀਂ ਦਿੱਲੀ, 28 ਸਤੰਬਰ (ਪੰਜਾਬ ਮੇਲ)-ਭਾਰਤ ਵਿਚ ਬਜ਼ੁਰਗਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਸਦੀ ਦੇ ਮੱਧ ਤੱਕ ਇਹ ਬੱਚਿਆਂ ਦੀ ਆਬਾਦੀ ਨੂੰ ਪਾਰ ਕਰ ਸਕਦੀ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂ.ਐੱਨ.ਐੱਫ.ਪੀ.ਏ.) ਦੀ ਨਵੀਂ ਰਿਪੋਰਟ ਵਿਚ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਹੈ ਕਿ ਆਉਣ ਵਾਲੇ ਦਹਾਕਿਆਂ ਵਿਚ ਨੌਜਵਾਨ ਭਾਰਤ ਤੇਜ਼ੀ ਨਾਲ ਬੁਢਾਪੇ ਵਾਲੇ ਸਮਾਜ ਵਿਚ ਬਦਲ ਜਾਵੇਗਾ। ਭਾਰਤ ਦੁਨੀਆਂ ਵਿਚ ਅੱਲ੍ਹੜਾਂ ਅਤੇ ਨੌਜਵਾਨਾਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ। ਯੂ.ਐੱਨ.ਐੱਫ.ਪੀ.ਏ. ਦੀ ‘ਇੰਡੀਆ ਏਜਿੰਗ ਰਿਪੋਰਟ 2023’ ਅਨੁਸਾਰ ਕੌਮੀ ਪੱਧਰ ‘ਤੇ ਬਜ਼ੁਰਗਾਂ (60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ) ਦੀ ਹਿੱਸੇਦਾਰੀ 2021 ਵਿਚ 10.1 ਪ੍ਰਤੀਸ਼ਤ ਸੀ, ਜੋ 2036 ਵਿੱਚ 15 ਪ੍ਰਤੀਸ਼ਤ ਅਤੇ 2050 ਵਿੱਚ 20.8 ਪ੍ਰਤੀਸ਼ਤ ਤੱਕ ਵਧਣ ਦਾ ਅਨੁਮਾਨ ਹੈ। ਰਿਪੋਰਟ ਵਿਚ ਕਿਹਾ ਹੈ, ‘ਸਦੀ ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿਚ ਬਜ਼ੁਰਗਾਂ ਦੀ ਗਿਣਤੀ 36 ਫੀਸਦੀ ਤੋਂ ਵੱਧ ਹੋ ਜਾਵੇਗੀ।”