#OTHERS

ਤੁਰਕੀ ਤੇ ਸੀਰੀਆ ਵਿੱਚ ਮ੍ਰਿਤਕਾਂ ਦੀ ਗਿਣਤੀ 19 ਹਜ਼ਾਰ ਤੋਂ ਪਾਰ

ਗਾਜ਼ੀਆਂਤੇਪ,  10 ਫਰਵਰੀ (ਪੰਜਾਬ ਮੇਲ)- ਤੁਰਕੀ ਅਤੇ ਸੀਰੀਆ ’ਚ ਆਏ ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ 19,300 ਹੋ ਗਈ ਹੈ। ਹੁਣ ਤੱਕ ਭੂਚਾਲ ’ਚ 60 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਕੁਦਰਤ ਦੇ ਕਹਿਰ ਕਾਰਨ ਘਰੋਂ ਬੇਘਰ ਹੋਏ ਹਜ਼ਾਰਾਂ ਲੋਕਾਂ ਨੂੰ ਹੁਣ ਕੜਾਕੇ ਦੀ ਠੰਢ ਨਾਲ ਵੀ ਜੂਝਣਾ ਪੈ ਰਿਹਾ ਹੈ। ਭੂਚਾਲ ਆਉਣ ਦੇ ਤਿੰਨ ਦਿਨਾਂ ਮਗਰੋਂ ਵੀ ਲੋਕ ਭੋਜਨ ਅਤੇ ਪਾਣੀ ਲਈ ਤਰਸ ਰਹੇ ਹਨ। ਬਚਾਅ ਕਰਮੀ ਅਜੇ ਵੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਜਿਊਂਦਾ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ। ਤੁਰਕੀ ਦੇ ਸ਼ਹਿਰ ਅੰਤਾਕਯਾ ’ਚ ਲੋਕਾਂ ਦੀ ਭੀੜ ਇਕ ਟਰੱਕ ਅੱਗੇ ਸਹਾਇਤਾ ਸਮੱਗਰੀ ਲੈਣ ਲਈ ਜੁੜੀ ਹੋਈ ਸੀ। ਭੂਚਾਲ ’ਚ ਬਚੇ ਇਕ ਵਿਅਕਤੀ ਨੇ ਸਰਕਾਰ ਨੂੰ ਖ਼ਿੱਤੇ ’ਚੋਂ ਲੋਕਾਂ ਨੂੰ ਕਿਸੇ ਦੂਜੀ ਥਾਂ ’ਤੇ ਭੇਜਣ ਦੀ ਮੰਗ ਕੀਤੀ ਹੈ। ਉਂਜ ਹਜ਼ਾਰਾਂ ਲੋਕਾਂ ਨੇ ਟੈਂਟਾਂ, ਸਟੇਡੀਅਮਾਂ ਅਤੇ ਹੋਰ ਆਰਜ਼ੀ ਟਿਕਾਣਿਆਂ ’ਤੇ ਪਨਾਹ ਲਈ ਹੈ ਜਦਕਿ ਕਈ ਹੋਰ ਖੁੱਲ੍ਹੇ ਆਸਮਾਨ ਹੇਠ ਰਾਤਾਂ ਬਿਤਾ ਰਹੇ ਹਨ। ਸੰਯੁਕਤ ਰਾਸ਼ਟਰ ਦੇ ਰਾਹਤ ਸਮੱਗਰੀ ਨਾਲ ਭਰੇ ਟਰੱਕ ਅੱਜ ਤੁਰਕੀ ਤੋਂ ਸੀਰੀਆ ਦੇ ਬਾਗ਼ੀਆਂ ਵਾਲੇ ਇਲਾਕੇ ’ਚ ਦਾਖ਼ਲ ਹੋਏ। ਕੜਾਕੇ ਦੀ ਠੰਢ, ਸੜਕਾਂ ਅਤੇ ਹਵਾਈ ਅੱਡਿਆਂ ਨੂੰ ਨੁਕਸਾਨ ਕਾਰਨ ਰਾਹਤ ਕਾਰਜਾਂ ’ਚ ਅੜਿੱਕਾ ਪੈ ਰਿਹਾ ਹੈ। ਸੀਰੀਆ ਦੇ ਸ਼ਹਿਰ ਅਲੇਪੋ ’ਚ ਬਚਾਅ ਵਰਕਰਾਂ ਨੇ ਸੱਤ ਵਿਅਕਤੀਆਂ ਨੂੰ ਮਲਬੇ ਹੇਠਿਉਂ ਜਿਊਂਦਾ ਕੱਢਿਆ। ਇਸ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅੱਪ ਅਰਦੋਗਾਂ ਨੇ ਕੁਝ ਕੈਂਪਾਂ ਦਾ ਦੌਰਾ ਕਰਕੇ ਲੋਕਾਂ ਨੂੰ ਤਸੱਲੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਤ ਹੌਲੀ ਹੌਲੀ ਸੁਧਰ ਰਹੇ ਹਨ ਪਰ ਅਜੇ ਵੀ ਵੱਡੀ ਗਿਣਤੀ ਲੋਕਾਂ ਤੱਕ ਰਾਹਤ ਪਹੁੰਚਣ ’ਚ ਸਮਾਂ ਲੱਗੇਗਾ। ਉਨ੍ਹਾਂ ਮਾੜੇ ਪ੍ਰਬੰਧਾਂ ਲਈ ਕੀਤੀ ਜਾ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਅਜਿਹੀ ਭਿਆਨਕ ਆਫ਼ਤ ਦੀ ਪਹਿਲਾਂ ਤੋਂ ਤਿਆਰੀ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਪ੍ਰਭਾਵਿਤ ਲੋਕਾਂ ਨੂੰ 10 ਹਜ਼ਾਰ ਤੁਰਕ ਲੀਰਾ (532 ਅਮਰੀਕੀ ਡਾਲਰ) ਵੰਡੇਗੀ।

Leave a comment