8 ਲੋਕਾਂ ਦੀ ਮੌਤ; 294 ਲੋਕ ਜ਼ਖਮੀ ਹੋਏ, 18 ਦੀ ਹਾਲਤ ਗੰਭੀਰ
ਇਸਤਾਂਬੁਲ, 22 ਫਰਵਰੀ (ਪੰਜਾਬ ਮੇਲ)- ਤੁਰਕੀ ਅਤੇ ਸੀਰੀਆ ‘ਚ ਸੋਮਵਾਰ ਨੂੰ ਆਏ ਤਾਜ਼ਾ ਵਿਨਾਸ਼ਕਾਰੀ ਭੂਚਾਲ ਵਿਚ 8 ਲੋਕਾਂ ਦੀ ਜਾਨ ਚਲੀ ਗਈ। 6.4 ਤੀਬਰਤਾ ਵਾਲੇ ਇਸ ਭੂਚਾਲ ਨਾਲ 294 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 18 ਦੀ ਹਾਲਤ ਗੰਭੀਰ ਹੈ। ਸੀਰੀਆ ਦੇ ਹਾਮਾ ਅਤੇ ਟਾਰਟਸ ਸੂਬਿਆਂ ਵਿਚ ਭੂਚਾਲ ਦੀ ਦਹਿਸ਼ਤ ਨਾਲ ਇਕ ਔਰਤ ਤੇ ਇਕ ਕੁੜੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਭੂਚਾਲ ਪੀੜਤਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਘਰਾਂ ਦੇ ਅਵਸ਼ੇਸ਼ਾਂ ਵਿਚ ਨਾ ਜਾਣ ਪਰ ਲੋਕਾਂ ਨੇ ਅਧਿਕਾਰੀਆਂ ਦੀਆਂ ਗੱਲਾਂ ਨਹੀਂ ਮੰਨੀਆਂ। ਭੂਚਾਲ ਵਿਚ ਢਹਿ-ਢੇਰੀ ਹੋਈਆਂ 3 ਇਮਾਰਤਾਂ ਵਿਚ ਖੋਜ ਅਤੇ ਬਚਾਅ ਕੰਮ ਜਾਰੀ ਹੈ।
ਭੂਚਾਲ ਦੇ ਤਾਜ਼ਾ ਝਟਕਿਆਂ ਨੇ ਤੁਰਕੀ ਅਤੇ ਸੀਰੀਆ ਦੇ ਉਨ੍ਹਾਂ ਕੁਝ ਹਿੱਸਿਆਂ ਨੂੰ ਫਿਰ ਦਹਿਲਾ ਦਿੱਤਾ ਹੈ, ਜੋ 2 ਹਫ਼ਤੇ ਪਹਿਲਾਂ ਵੱਡੇ ਪੈਮਾਨੇ ‘ਤੇ ਆਏ ਭੂਚਾਲ ਨਾਲ ਤਬਾਹ ਹੋ ਗਏ ਸਨ। ਉਸ ਭੂਚਾਲ ਵਿਚ ਲਗਭਗ 46,000 ਤੋਂ ਵੱਧ ਲੋਕ ਮਾਰੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਕਈ ਇਮਾਰਤਾਂ ਢਹਿ ਗਈਆਂ ਹਨ ਅਤੇ ਉਨ੍ਹਾਂ ਵਿਚ ਰਹਿੰਦੇ ਲੋਕ ਫਸ ਗਏ ਹਨ। ਦੋਵਾਂ ਦੇਸ਼ਾਂ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ ਪਰ ਮ੍ਰਿਤਕਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਇਕ ਤੋਂ ਬਾਅਦ ਇਕ ਆਏ ਭਿਆਨਕ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ ‘ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ।