#OTHERS

ਤਾਲਿਬਾਨ ਸਰਕਾਰ ਦਾ ਨਵਾਂ ਫਰਮਾਨ: ਹੁਣ ਤੀਸਰੀ ਜਮਾਤ ਤੋਂ ਬਾਅਦ ਕੁੜੀਆਂ ਦੀ ਪੜ੍ਹਾਈ ‘ਤੇ ਰੋਕ

ਕਾਬੁਲ, 7 ਅਗਸਤ (ਪੰਜਾਬ ਮੇਲ)- ਤਾਲਿਬਾਨ ਆਪਣੇ ਬੇਰਹਿਮ ਫ਼ੈਸਲਿਆਂ ਲਈ ਪੂਰੀ ਦੁਨੀਆਂ ਵਿਚ ਬਦਨਾਮ ਹੈ। ਤਾਜ਼ਾ ਘਟਨਾਕ੍ਰਮ ‘ਚ ਤਾਲਿਬਾਨ ਨੇ ਕੁੜੀਆਂ ਦੀ ਸਿੱਖਿਆ ‘ਤੇ ਰੋਕ ਲਗਾ ਦਿੱਤੀ ਹੈ। ਨਵੇਂ ਫਰਮਾਨ ਵਿਚ ਕਿਹਾ ਗਿਆ ਹੈ ਕਿ ਲੜਕੀਆਂ ਨੂੰ ਤੀਸਰੀ ਜਮਾਤ ਤੋਂ ਬਾਅਦ ਸਕੂਲ ਜਾਣ ਦੀ ਇਜਾਜ਼ਤ ਨਹੀਂ ਹੈ। ਬੇਸ਼ੱਕ ਹੀ ਉਨ੍ਹਾਂ ਦੀ ਉਮਰ 10 ਸਾਲ ਤੋਂ ਵੱਧ ਕਿਉਂ ਨਾ ਹੋਵੇ। ਤਾਲਿਬਾਨ ਨੇ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਨੂੰ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਹੈ ਕਿ 10 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਨੂੰ ਪ੍ਰਾਇਮਰੀ ਸਕੂਲ ਨਹੀਂ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਕੁੜੀਆਂ ਨੂੰ 6ਵੀਂ ਜਮਾਤ ਤੱਕ ਸਕੂਲਾਂ ‘ਚ ਪੜ੍ਹਨ ਦੀ ਇਜਾਜ਼ਤ ਸੀ।
ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਦੇ 2 ਸਾਲ ਬਾਅਦ ਕੁੜੀਆਂ ਨੂੰ 6ਵੀਂ ਜਮਾਤ ਤੋਂ ਉੱਪਰ ਦੇ ਸਕੂਲਾਂ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਸਕੂਲਾਂ ਤੋਂ ਇਲਾਵਾ ਤਾਲਿਬਾਨ ਪਹਿਲਾਂ ਔਰਤਾਂ ਦੇ ਬਿਊਟੀ ਪਾਰਲਰ ਅਤੇ ਨੌਕਰੀਆਂ ‘ਤੇ ਪਾਬੰਦੀ ਲਗਾ ਚੁੱਕਾ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਐੱਨ.ਜੀ.ਓ. ਅਤੇ ਹੋਰ ਸੰਸਥਾਵਾਂ ਵਿਚ ਕੰਮ ਕਰਨ ‘ਤੇ ਵੀ ਪਾਬੰਦੀ ਹੈ। ਤਾਲਿਬਾਨ ਨੇ ਔਰਤਾਂ ਨੂੰ ਡਰਾਈਵਿੰਗ ਲਾਇਸੈਂਸ ਦੇਣਾ ਵੀ ਬੰਦ ਕਰ ਦਿੱਤਾ ਹੈ। ਬੁਰਕੇ ਅਤੇ ਪੁਰਸ਼ ਸਾਥੀ ਤੋਂ ਬਿਨਾਂ ਦੇਸ਼ ਵਿਚ ਟੈਕਸੀ ਦੀ ਸਵਾਰੀ ਕਰਨ ‘ਤੇ ਲਗਾਈ ਹੋਈ ਹੈ। ਖ਼ਬਰਾਂ ਮੁਤਾਬਕ ਤਾਲਿਬਾਨ ਨੇ ਹੁਣ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਕੁੜੀਆਂ ਨੂੰ ਪ੍ਰਾਇਮਰੀ ਸਕੂਲ ‘ਚ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਬੇਸ਼ੱਕ ਉਹ 10 ਸਾਲ ਤੋਂ ਵੱਧ ਉਮਰ ਦੀਆਂ ਹੀ ਹੋਣ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਸਕੂਲਾਂ ਅਤੇ ਛੋਟੀ ਮਿਆਦ ਦੀਆਂ ਸਿਖਲਾਈ ਕਲਾਸਾਂ ਦੇ ਪ੍ਰਿੰਸੀਪਲਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ 10 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

Leave a comment