ਸਰੀ, 24 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਯੂਨਿਟ ਦੇ ਸਕੱਤਰ ਗੁਰਮੇਲ ਗਿੱਲ ਨੇ ਦੱਸਿਆ ਕਿ ਮੀਟਿੰਗ ਵਿਚ ਅੰਧ-ਵਿਸ਼ਵਾਸ਼ਾਂ ਵਿਰੁੱਧ ਸੁਸਾਇਟੀ ਦੇ ਪ੍ਰਚਾਰ ਨੂੰ ਵੱਡੀ ਪੱਧਰ ‘ਤੇ ਲੋਕਾਂ ਵਿੱਚ ਲਿਜਾਣ, ਲੋਕਾਈ ਦੀ ਸੋਚ ਨੂੰ ਵਿਗਿਆਨਿਕ ਬਣਾਉਣ ਅਤੇ ਜੋਤਿਸ਼ੀਆਂ, ਤਾਂਤਰਿਕਾਂ, ਨਗ ਵੇਚਣ ਵਾਲਿਆਂ ਅਤੇ ਵਸਤੂ ਸ਼ਾਸ਼ਤਰ ਵਗੈਰਾ ਦੇ ਚੁੰਗਲ ਤੋਂ ਬਚਾਉਣ ਲਈ ਯਤਨ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ।
ਸੁਸਾਇਟੀ ਵੱਲੋਂ 26 ਅਕਤੂਬਰ 2024 ਨੂੰ ਬੈੱਲ ਪ੍ਰੋਫਾਰਮਿੰਗ ਆਰਟ ਸੈਂਟਰ ਸਰੀ ਵਿੱਚ ਤਰਕਸ਼ੀਲ ਨਾਟਕ ਮੇਲਾ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੇਲੇ ਵਿੱਚ ਨਾਟਕ, ਗੀਤ ਸੰਗੀਤ, ਜਾਦੂ ਦੇ ਟਰਿੱਕਾਂ ਤੋਂ ਇਲਾਵਾ ਹੋਰ ਵੀ ਰੌਚਕ ਸਮੱਗਰੀ ਪੇਸ਼ ਕੀਤੀ ਜਾਵੇਗੀ। 4 ਅਗਸਤ ਨੂੰ ਹਾਲੈਂਡ ਪਾਰਕ ਸਰੀ ਵਿਖੇ ਹੋ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਸੁਸਾਇਟੀ ਵੱਲੋਂ ਕਿਤਾਬਾਂ ਦਾ ਸਟਾਲ ਲਾਉਣ, ਅੰਧਵਿਸ਼ਵਾਸ਼ਾਂ ਖ਼ਿਲਾਫ਼ ਲੀਫਲੈਟ ਵੰਡਣ ਅਤੇ ਪਲੇਅ ਕਾਰਡਾਂ ਰਾਹੀਂ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ। ਇਸੇ ਕੜੀ ਤਹਿਤ ਸਾਗਰ ਯੂਨੀਵਰਸਿਟੀ ਤਾਮਿਲਨਾਡੂ ਦੇ ਪ੍ਰੋਫੈਸਰ ਅਤੇ ਮਸ਼ਹੂਰ ਤਰਕਸ਼ੀਲ ਰਾਜੀਵ ਗੌਤਮ ਦੇ 13 ਅਗਸਤ ਤੋਂ ਸ਼ੁਰੂ ਹੋ ਰਹੇ ਕੈਨੇਡਾ ਦੇ ਇਕ ਮਹੀਨੇ ਦੇ ਟੂਰ ਦੌਰਾਨ ਉਨ੍ਹਾਂ ਨੂੰ ਸਰੀ ਬੁਲਾ ਕੇ ਸੈਮੀਨਾਰ ਕਰਾਉਣ ਦਾ ਵੀ ਫ਼ੈਸਲਾ ਕੀਤਾ ਗਿਆ।