#CANADA

ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰਸਿੱਧ ਸਾਹਿਤਕਾਰ ਨਛੱਤਰ ਸਿੰਘ ਗਿੱਲ ਦੀਆਂ ਦੋ ਪੁਸਤਕਾਂ ਲੋਕ ਅਰਪਣ

ਸਰੀ, 21 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਤਰਕਸ਼ੀਲ ਸੁਸਾਇਟੀ ਆਫ ਕੈਨੇਡਾ (ਯੂਨਿਟ ਬੀ ਸੀ) ਵੱਲੋਂ ਬੀਤੇ ਦਿਨ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਲੋਹਮਣੀ ਮੈਗਜ਼ੀਨ ਦੇ ਬਾਨੀ ਸੰਪਾਦਕ ਅਤੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਮੈਂਬਰ ਨਛੱਤਰ ਸਿੰਘ ਗਿੱਲ ਦੀਆਂ ਦੋ ਕਿਤਾਬਾਂ ‘ਕੜਵਾ ਬਦਲਾ ਅਤੇ ਕਥਾ ਤਿੰਨ ਅੱਖਰਾਂ ਦੀ’ ਲੋਕ ਅਰਪਣ ਕੀਤੀਆਂ ਗਈਆਂ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਨਿਰਮਲ ਕਿੰਗਰਾ ਨੇ ਨਛੱਤਰ ਗਿੱਲ ਦੀ ਸਾਹਿਤਿਕ ਘਾਲਣਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਮਰ ਦੇ ਜਿਸ ਪੜਾਅ ਨੂੰ ਲੋਕ ਬੁੜ੍ਹਾਪਾ ਕਹਿ ਕੇ ਅਜਾਈਂ ਗੁਆ ਦਿੰਦੇ ਹਨ ਅਸਲ ਵਿੱਚ ਇਹੀ ਸਮਾਂ ਤਜਰਬਿਆਂ ਭਰਪੂਰ ਜ਼ਿੰਦਗੀ ਹੋਣ ਕਾਰਨ ਸਿਰਜਣਾ ਦਾ ਸਮਾਂ ਹੁੰਦਾ ਹੈ ਅਤੇ ਨਛੱਤਰ ਗਿੱਲ ਉਮਰ ਦੇ ਇਸ ਪੜਾਅ ਦਾ ਸਦਉਪਯੋਗ ਕਰ ਰਹੇ ਹਨ।

ਪੁਸਤਕਾਂ ਬਾਰੇ ਬੋਲਦਿਆਂ ਮੋਹਨ ਗਿੱਲ ਨੇ ਕਿਹਾ ਕਿ ਨਛੱਤਰ ਸਿੰਘ ਗਿੱਲ ਹੁਣ ਤੱਕ ਕਵਿਤਾਕਹਾਣੀਆਂਅਨੁਵਾਦ ਅਤੇ ਨਾਵਲ ਦੇ ਰੂਪ ਵਿਚ 33 ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਅਤੇ ਪੰਜਾਬੀ ਸਾਹਿਤਕ ਜਗਤ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਸਥਾਨ ਹੈ। ਪਰਮਿੰਦਰ ਸਵੈਚ ਨੇ ਨਛੱਤਰ ਗਿੱਲ ਦੀ ਪੁਸਤਕ ਕਥਾ ਤਿੰਨ ਅੱਖਰਾਂ ਤੇ ਚਰਚਾ ਕਰਦਿਆਂ ਕਿਹਾ ਕਿ ਪਿਆਰ ਸ਼ਬਦ ਭਾਵੇਂ ਤਿੰਨ ਅੱਖਰਾਂ ਤੋਂ ਬਣਿਆ ਹੈ ਪਰ ਇਸ ਸ਼ਬਦ ਦੀ ਮਹਾਨਤਾ ਹੈ ਕਿ ਸਮਾਜ ਦਾ ਹਰ  ਵਰਗ ਤੇ ਮਨੁੱਖੀ ਵਿਹਾਰ ਇਸ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦਾ। ਗੁਰਮੇਲ ਗਿੱਲ ਨੇ ਕਿਹਾ ਕਿ ਭਾਵੇਂ ਪਿਆਰ ਸ਼ਬਦ ਮਨੁੱਖੀ ਭਾਵਨਾਵਾਂ ਦਾ ਪ੍ਰਗਟਾਅ ਹੈ ਪਰ ਸਮਾਜ ਦੀ ਬਣਤਰ ਵਿੱਚੋਂ ਆਰਥਿਕਤਾ ਦੀ ਭੂਮਿਕਾ ਨੂੰ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ। ਤਰਕਸ਼ੀਲ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਨੇ ਪੁਸਤਕ ਕੜਵਾ ਬਦਲਾ ਬਾਰੇ ਗੱਲ ਕਰਦਿਆਂ ਕਿਹਾ ਕਿ ਅਨੁਵਾਦ ਲੇਖਕ ਦੀ ਮੌਲਿਕ ਰਚਨਾ ਦੀ ਸਿਰਜਣਾ ਨਾਲੋਂ ਵੀ ਔਖਾ ਹੁੰਦਾ ਹੈ। ਨਛੱਤਰ ਸਿੰਘ ਗਿੱਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਉਹ ਕੌਮਾਂਤਰੀ ਪੱਧਰ ਦੀਆਂ ਅਨੇਕਾਂ ਕਿਤਾਬਾਂ ਦਾ ਅਨੁਵਾਦ ਕਰ ਚੁੱਕੇ ਹਨ ਪਰ ਕਿਸੇ ਕਿਤਾਬ ਵਿਚ ਵੀ ਮੂਲ ਲੇਖਕ ਦੀ ਭਾਵਨਾ ਨੂੰ ਮੱਧਮ ਨਹੀਂ ਪੈਣ ਦਿੱਤਾ।

ਡਾਕਟਰ ਸੁਰਜੀਤ ਬਰਾੜ ਘੋਲੀਆ ਨੇ ਨਛੱਤਰ  ਗਿੱਲ ਹੋਰਾਂ ਦੀ ਲੇਖਣੀ ਦੇ ਸਫ਼ਰ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ ਭਾਵੇਂ ਨਛੱਤਰ ਗਿੱਲ ਵਿੱਚ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿੱਚ ਰਚਨਾ ਕਰਨ ਦੀ ਪ੍ਰਤਿਭਾ  ਮੌਜੂਦ ਸੀ ਪਰ ਸਾਹਿਤਕ ਹਲਕਿਆਂ ਨਾਲ ਸਿੱਧੇ  ਸੰਪਰਕ ਵਿਚ ਆਉਣ ਤੋਂ ਬਾਅਦ ਉਨ੍ਹਾਂ ਦਾ ਝੁਕਾਅ  ਨਾਵਲ ਰਚਨਾ ਤੇ ਕੇਂਦਰਤ ਹੋ ਗਿਆ ਤੇ ਉਨ੍ਹਾਂ ਨੇ ਕਾਲੀ ਹਨੇਰੀ’ ਵਰਗੀਆਂ ਸ਼ਾਹਕਾਰ ਰਚਨਾਵਾਂ ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਮੁੱਲਾ ਸਰਮਾਇਆ ਦਿੱਤਾ ਉਨ੍ਹਾਂ ਦੱਸਿਆ ਕਿ ਨਛੱਤਰ ਗਿੱਲ ਦਾ ਵੱਡ-ਆਕਾਰੀ ਨਵਾਂ ਨਾਵਲ ਜੋ ਕਿ ਫੀਡਲ ਕਾਸਤਰੋ ਦੇ ਜੀਵਨ ਘਾਲਣਾਵਾਂ ਤੇ ਅਧਾਰਤ ਹੈ ਜਲਦੀ ਛਪ ਰਿਹਾ ਹੈ।

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਉੱਘੇ ਸ਼ਾਇਰ ਕ੍ਰਿਸ਼ਨ ਭਨੋਟ ਨੇ ਪੁਸਤਕਾਂ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ। ਪਿਆਰਾ ਸਿੰਘ ਚਾਹਲ ਅਤੇ ਹਰਨੇਕ ਰਾਣਾ ਨੇ ਆਪਣੇ ਆਪਣੇ ਗੀਤਾਂ ਰਾਹੀਂ ਸਮਾਗਮ ਨੂੰ ਰੌਚਿਕ ਬਣਾਇਆ। ਅੰਤ ਵਿਚ ਨਛੱਤਰ ਸਿੰਘ ਗਿੱਲ ਨੇ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਅਤੇ ਸਾਰੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।

Leave a comment