ਓਹਾਇਓ, 15 ਸਤੰਬਰ (ਸਮੀਪ ਸਿੰਘ ਗੁਮਟਾਲਾ /ਪੰਜਾਬ ਮੇਲ) – ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਨਾਂ ਨਾਲ 11 ਸਤੰਬਰ, 2001 ਨੂੰ ਨਿਉਯਾਰਕ ਵਿਖੇ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਅਤੇ ਪੈਂਟਾਗਨ ‘ਤੇ ਹੋਏ ਅੱਤਵਾਦੀ ਹਮਲਿਆਂ ਦੀ 23ਵੀਂ ਵਰ੍ਹੇਗੰਢ ਸੰਬੰਧੀ ਬੀਵਰਕ੍ਰੀਕ ਸ਼ਹਿਰ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਇਹ ਸਲਾਨਾ ਯਾਦਗਾਰੀ ਸਮਾਗਮ ਸ਼ਹਿਰ ਦੇ ਪੁਲੀਸ ਅਤੇ ਫਾਇਰ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜੋ ਵਰਲਡ ਟਰੇਡ ਸੈਂਟਰ ਵਿਖੇ ਮਾਰੇ ਗਏ 26000 ਤੋਂ ਵੱਧ ਲੋਕਾਂ, ਪੈਂਟਾਗਨ ਵਿੱਚ 184, ਅਤੇ ਪੈਨਸਿਲਵੇਨੀਆ ਵਿੱਚ ਜਹਾਜ਼ ਦੀ ਦੁਰਘਟਨਾ ਦੇ 40 ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।
ਸਮਾਰੋਹ ਵਿੱਚ ਝੰਡਾ ਨੀਵਾਂ ਕੀਤਾ ਗਿਆ, ਫੌਜ ਦੇ ਜਵਾਨਾਂ ਵਲੌਂ ਫੁੱਲ ਚੜਾਏ ਗਏ, ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸਵੇਰ ਦੇ 8:46 ਵਜੇ ਇੱਕ ਰਸਮੀ ਘੰਟੀ ਵਜਾਈ ਗਈ, ਜੱਦ ਪਹਿਲਾ ਜਹਾਜ਼ ਟਾਵਰ ਨਾਲ ਟਕਰਾਇਆ ਸੀ। ਬੀਵਰਕ੍ਰੀਕ ਦੇ ਮੇਅਰ ਡੋਨ ਐਡਮਜ਼ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ।
ਸਮਾਰੋਹ ਵਿੱਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੁਨ ਅਤੇ ਸਿੱਖ ਸੋਸਾਇਟੀ ਆਫ ਡੇਟਨ ਦੇ ਮੈਂਬਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ, “ਅਸੀਂ ਇਸ ਸਮਾਰੋਹ ਵਿੱਚ ਉਨ੍ਹਾਂ ਸਭਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜਿਨ੍ਹਾਂ ਨੇ ਇਹਨਾਂ ਹਮਲਿਆਂ ਵਿੱਚ ਆਪਣੀ ਜਾਣ ਗੁਆ ਦਿੱਤੀ। ਇਸ ਵਿੱਚ ਪੁਲਿਸ ਅਧਿਕਾਰੀ, ਅੱਗ ਬੁਝਾਊ, ਤੇ ਮੈਡੀਕਲ ਸੇਵਾਵਾਂ ਦੇ ਅਮਲੇ ਦੇ ਮੈਂਬਰ ਵੀ ਸ਼ਾਮਲ ਸਨ।”