#INDIA

ਡਿਪਲੋਮੈਟਾਂ ਖਿਲਾਫ਼ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ: ਭਾਰਤ

ਨਵੀਂ ਦਿੱਲੀ, 7 ਜੁਲਾਈ (ਪੰਜਾਬ ਮੇਲ)- ਕੈਨੇਡਾ ਤੇ ਕੁਝ ਹੋਰਨਾਂ ਮੁਲਕਾਂ ਵਿਚ ਪੋਸਟਰਾਂ ਜ਼ਰੀਏ ਭਾਰਤੀ ਡਿਪਲੋਮੈਟਾਂ ਨੂੰ ਡਰਾਉਣ ਧਮਕਾਉਣ ਤੇ ਉਨ੍ਹਾਂ ਖਿਲਾਫ਼ ਹਿੰਸਕ ਕਾਰਵਾਈਆਂ ਨੂੰ ਹਵਾ ਦੇਣ ਦੀਆਂ ਘਟਨਾਵਾਂ ਦਰਮਿਆਨ ਭਾਰਤ ਨੇ ਅੱਜ ਸਾਫ਼ ਕਰ ਦਿੱਤਾ ਕਿ ਅਜਿਹੀਆਂ ਸਰਗਰਮੀਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਕੱਟੜਵਾਦੀਆਂ ਤੇ ਦਹਿਸ਼ਤੀ ਅਨਸਰਾਂ ਨੂੰ ਕਿਸੇ ਤਰ੍ਹਾਂ ਦੀ ਵੀ ਸ਼ਹਿ ਨਾ ਦਿੱਤਾ ਜਾਵੇ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਬਾਗਚੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤੀ ਡਿਪਲੋਮੈਟਾਂ ਤੇ ਦੇਸ਼ ਦੇ ਮਿਸ਼ਨਾਂ ਦੀ ਸੁਰੱਖਿਆ ਸਰਕਾਰ ਲਈ ਸਭ ਤੋਂ ਅਹਿਮ ਤੇ ਸਿਖਰਲੀ ਤਰਜੀਹ ਹੈ।
ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਿਹਾ ਕਿ ਕੈਨੇਡਾ ਨੇ ਅੱਤਵਾਦ ਖ਼ਿਲਾਫ਼ ਹਮੇਸ਼ਾ ‘ਸੰਜੀਦਾ ਕਾਰਵਾਈ’ ਕੀਤੀ ਹੈ ਤੇ ਅੱਗੋਂ ਵੀ ਕਰਦਾ ਰਹੇਗਾ। ਉਨ੍ਹਾਂ ਜ਼ੋਰ ਕੇ ਆਖਿਆ ਕਿ ਇਹ ਮੰਨਣਾ ਪੂਰੀ ਤਰ੍ਹਾਂ ‘ਗਲ਼ਤ’ ਹੈ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਿਚ ਖ਼ਾਲਿਸਤਾਨੀ ਹਮਾਇਤੀਆਂ ਤੇ ਦਹਿਸ਼ਤਗਰਦਾਂ ਨੂੰ ਲੈ ਕੇ ਨਰਮ ਹੈ।

Leave a comment