#CANADA

‘ਡਿਆਨਾ ਐਵਾਰਡ-2023’ ਲਈ 2 ਪੰਜਾਬਣ ਵਿਦਿਆਰਥਣਾਂ ਦੀ ਹੋਈ ਚੋਣ

ਟੋਰਾਂਟੋ, 31 ਅਗਸਤ (ਪੰਜਾਬ ਮੇਲ)- ਸਮਾਜ-ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ‘ਤੇ 9 ਤੋਂ 25 ਸਾਲ ਤੱਕ ਦੇ ਮੁੰਡਿਆਂ-ਕੁੜੀਆਂ ਅਤੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ‘ਡਿਆਨਾ ਐਵਾਰਡ-2023’ ਲਈ ਕੈਨੇਡਾ ਦੀਆਂ 2 ਪੰਜਾਬਣ ਵਿਦਿਆਰਥਣਾਂ ਸ਼ਰਈਆ ਗੁਪਤਾ ਤੇ ਭਾਨਵੀ ਸਚਦੇਵਾ ਦੀ ਚੋਣ ਕੀਤੀ ਗਈ ਹੈ। ਇਹ ਪੁਰਸਕਾਰ ਇੰਗਲੈਂਡ ਦੀ ਮਰਹੂਮ ਰਾਜਕੁਮਾਰੀ ਡਿਆਨਾ ਦੀ ਯਾਦ ‘ਚ 1999 ਵਿਚ ਦੇਣਾ ਸ਼ੁਰੂ ਕੀਤਾ ਗਿਆ ਸੀ। ਇਥੇ ਦੱਸ ਦੇਈਏ ਕਿ ਇੰਗਲੈਂਡ ਦੇ ਮਹਾਰਾਜਾ-ਤੀਜਾ ਚਾਰਲਸ ਦੀ ਪਤਨੀ ਡਿਆਨਾ ਦੀ 31 ਅਗਸਤ, 1997 ਨੂੰ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।
ਡਿਆਨਾ ਐਵਾਰਡ ਲਈ ਚੁਣੀ ਜਾਣ ਵਾਲੀ 13 ਸਾਲਾ ਵਿਦਿਆਰਥਣ ਸ਼ਰਈਆ ਗੁਪਤਾ ਵਿਦਿਆਰਥੀਆਂ ਨੂੰ ਬੁਲਿੰਗ ਖ਼ਿਲਾਫ਼ ਜਾਗਰੂਕ ਕਰਦੀ ਹੈ ਅਤੇ ਬੁਲਿੰਗ ਤੇ ‘ਫਲੈਮਿੰਗ ਫੀਟ’ ਨਾਂ ਦੀ ਕਿਤਾਬ ਲਿਖ ਚੁੱਕੀ ਹੈ। ਉਥੇ ਹੀ, ਮਾਰਜਿਨ ਮੈਗਜ਼ੀਨ ਦੀ ਮੁੱਖ ਸੰਪਾਦਕ ਰਹੀ 20 ਸਾਲਾ ਭਾਨਵੀ ਸਚਦੇਵਾ ਕੋਲੰਬੀਆ ਯੂਨੀਵਰਸਿਟੀ ਵਿਖੇ ਪਬਲਿਕ ਹੈਲਥ ਦੀ ਪੜ੍ਹਾਈ ਕਰ ਰਹੀ ਹੈ ਅਤੇ ਭਾਰਤ ਵਿਚ ਲੋੜਵੰਦ ਵਿਦਿਆਰਥਣਾਂ ਦੀ ਪੜ੍ਹਾਈ ਵਾਸਤੇ ਫੰਡ ਇਕੱਠਾ ਕਰਕੇ ਭੇਜਦੀ ਹੈ।

Leave a comment