#AMERICA

ਡਾ. ਕੇ. ਸ੍ਰੀਕਰ ਰੈੱਡੀ ਸਾਨ ਫਰਾਂਸਿਸਕੋ ਵਿਖੇ ਕੌਂਸਲੇਟ ਜਨਰਲ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸਾਨ ਫਰਾਂਸਿਸਕੋ, 16 ਅਗਸਤ (ਪੰਜਾਬ ਮੇਲ)- ਸਾਨ ਫਰਾਂਸਿਸਕੋ ਵਿਖੇ ਭਾਰਤੀ ਕੌਂਸਲੇਟ ਜਨਰਲ ਡਾ. ਕੇ. ਸ੍ਰੀਕਰ ਰੈੱਡੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਪਹਿਲੇ ਕੌਂਸਲੇਟ ਜਨਰਲ ਡਾ. ਟੀ.ਵੀ. ਨਗੇਂਦਰਾ ਪ੍ਰਸਾਦ ਦਾ ਸਥਾਨ ਲੈਣਗੇ। ਇਥੇ ਆਉਣ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ, ਉਥੇ ਹੀ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਉਪਰੰਤ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਵੱਲੋਂ ਧਾਰਮਿਕ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਡਾ. ਕੇ. ਸ੍ਰੀਕਰ ਰੈੱਡੀ ਇਕ ਆਈ.ਐੱਫ.ਐੱਸ. ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਬੜਾ ਲੰਮਾ ਤਜ਼ਰਬਾ ਹੈ। ਉਨ੍ਹਾਂ ਨੇ ਵਿਦੇਸ਼ ਵਿਭਾਗ ਨਾਲ ਸੰਬੰਧਤ ਵੱਖ-ਵੱਖ ਵਿਭਾਗਾਂ ਵਿਚ ਕੰਮ ਕੀਤਾ ਹੈ। ਉਹ ਭਾਰਤੀ ਸਰਕਾਰ ’ਚ ਜੁਆਇੰਟ ਸੈਕਟਰੀ ਅਤੇ ਓ.ਐੱਸ.ਡੀ., ਮਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਤੋਂ ਇਲਾਵਾ ਹੋਰ ਵੀ ਉੱਚ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।

Leave a comment