#PUNJAB

ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ

-ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਵੰਡੀਆਂ ਰਾਸ਼ਣ ਕਿੱਟਾਂ
ਮੱਖੂ, 9 ਅਗਸਤ (ਪੰਜਾਬ ਮੇਲ)- ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ ਲਗਾਤਾਰ ਜਾਰੀ ਹਨ। ਸੰਸਥਾ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਹੜ੍ਹਾਂ ਦੇ ਸ਼ੁਰੂਆਤ ਤੋਂ ਹੁਣ ਤੱਕ ਲਗਾਤਾਰ ਪਸ਼ੂਆਂ ਲਈ ਚਾਰਾ, ਦਵਾਈਆਂ ਅਤੇ ਹੜ੍ਹਾਂ ਵਿਚ ਘਿਰੇ ਲੋਕਾਂ ਲਈ ਸੁੱਕਾ ਅਤੇ ਪੱਕਿਆ ਲੰਗਰ ਸਪਲਾਈ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮੱਖੂ ਖੇਤਰ ਵਿਚ ਆਉਂਦੇ ਪਿੰਡ ਮੰਨੂੰ ਮਾਛੀ, ਗੱਟਾ ਦਲੇਲ ਅਤੇ ਜਮਾਲੀ ਵਾਲਾ ਵਿਚ ਜਿੱਥੇ ਇਨ੍ਹਾਂ ਪਿੰਡਾ ਦਾ ਸੰਪਰਕ ਦੇਸ਼ ਨਾਲੋਂ ਟੁੱਟ ਚੁੱਕਾ ਹੈ ਅਤੇ ਲੋਕ ਚਾਰੇ ਪਾਸੇ ਤੋਂ ਪਾਣੀ ਵਿਚ ਘਿਰੇ ਹੋਏ ਹਨ, ਵੱਡੀ ਮਾਤਰਾ ਵਿਚ ਪਸ਼ੂ ਚਾਰਾ ਅਤੇ ਰਾਸ਼ਣ ਸਪਲਾਈ ਕੀਤਾ ਜਾ ਰਿਹਾ ਹੈ।

ਟਰੱਸਟ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ।

ਜਾਣਕਾਰੀ ਦਿੰਦੇ ਸਮੇਂ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ ਅਤੇ ਦਵਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਐੱਸ.ਡੀ.ਐੱਮ. ਜੀਰਾ ਸ. ਗਗਨਦੀਪ ਸਿੰਘ, ਪਰਮਪਾਲ ਸਿੰਘ ਨਾਇਬ ਤਹਿਸੀਲਦਾਰ ਮੱਖੂ, ਗੁਰਜੀਤ ਸਿੰਘ ਰੀਡਰ ਨਾਲ ਮਿਲਕੇ ਕੀਤੇ ਉਪਰਾਲਿਆਂ ਦੇ ਯਤਨ ਸਦਕਾ ਟਰੱਸਟ ਦੇ ਮੁਖੀ ਡਾ. ਓਬਰਾਏ ਅਤੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ‘ਤੇ ਇਨ੍ਹਾਂ ਪਿੰਡਾਂ ਵਿਚ ਪਹਿਲਾਂ ਚਾਰ ਸੌ ਕੁਇੰਟਲ ਪਸ਼ੂਆਂ ਦਾ ਚਾਰਾ ਅਤੇ ਹੁਣ ਸੁੱਕਾ ਰਾਸ਼ਣ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਇੱਕ ਕਿੱਟ ਵਿਚ ਤੀਹ ਕਿਲੋ ਰਾਸ਼ਣ ਪੈਕ ਕੀਤਾ ਗਿਆ, ਜਿਸ
ਵਿਚ ਆਟਾ, ਦਾਲ, ਖੰਡ, ਚਾਹ ਪੱਤੀ, ਚਾਵਲ, ਵੜੀਆਂ, ਅਚਾਰ, ਸਰ੍ਹੋਂ ਦਾ ਤੇਲ, ਮੱਛਰਦਾਨੀਆਂ, ਓਡੋਮਾਸ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਲੋਕਾਂ ਵਿਚ ਜਾ ਕੇ ਵੰਡਿਆਂ ਜਾ ਰਿਹਾ ਹੈ, ਤਾਂ ਕਿ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਇਸ ਮੁਸੀਬਤ ਤੋਂ ਕੁੱਝ ਰਾਹਤ ਮਿਲ ਸਕੇ। ਇਸ ਮੌਕੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਰਣਜੀਤ ਸਿੰਘ ਰਾਏ ਜ਼ੀਰਾ, ਬਲਵਿੰਦਰ ਕੌਰ ਲੋਹਕੇ, ਜਗਸੀਰ ਸਿੰਘ ਜ਼ੀਰਾ, ਬਲਵਿੰਦਰ ਪਾਲ, ਮਨਪ੍ਰੀਤ ਸਿੰਘ, ਜਗਮਿੰਦਰ ਸਿੰਘ ਵਿਰਕ ਸਾਂਝ ਕੇਂਦਰ ਥਾਣਾ ਮੱਖੂ, ਪਵਨਦੀਪ ਸਿੰਘ, ਹੀਰਾ ਸਿੰਘ, ਭੁਪਿੰਦਰ ਸਿੰਘ, ਪਤਰਸ, ਗੁਰਲਾਲ ਸਿੰਘ, ਗੁਰਜੀਤ ਸਿੰਘ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ।

Leave a comment