#PUNJAB

ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

-ਡਾ. ਓਬਰਾਏ ਦੇ ਵਿਲੱਖਣ ਤੇ ਮਿਸਾਲੀ ਸੇਵਾ ਕਾਰਜ਼ਾਂ ਨੇ ਸਾਡਾ ਪੂਰੀ ਦੁਨੀਆਂ ਅੰਦਰ ਵਧਾਇਆ ਮਾਣ : ਲਾਲਜੀਤ ਭੁੱਲਰ
– ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਘਰਾਂ ਦਾ ਕੰਮ ਜਲਦ ਹੋਵੇਗਾ ਸ਼ੁਰੂ : ਡਾ. ਓਬਰਾਏ
ਹਰੀਕੇ, 2 ਸਤੰਬਰ (ਪੰਜਾਬ ਮੇਲ)- ਪੂਰੀ ਦੁਨੀਆਂ ਅੰਦਰ ਲੋੜਵੰਦਾਂ ਦੇ ਮਸੀਹੇ ਵਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾਕਟਰ ਐੱਸ.ਪੀ. ਸਿੰਘ ਓਬਰਾਏ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਫਿਰੋਜ਼ਪੁਰ ਤੋਂ ਵਿਧਾਇਕ ਨਰੇਸ਼ ਕਟਾਰੀਆ ਦੀ ਮੌਜੂਦਗੀ ਵਿਚ ਅੱਜ ਹਰੀਕੇ ਪੱਤਣ ਦਰਿਆ ਦੇ ਨੇੜਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡਾ. ਓਬਰਾਏ ਦਾ ਸ਼ਾਨਦਾਰ ਸਵਾਗਤ ਕਰਨ ਉਪਰੰਤ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿਚ ਉਨ੍ਹਾਂ ਦਾ ਬਹੁਤ ਵੱਡਾ ਨਾਂ ਹੈ। ਉਨ੍ਹਾਂ ਵੱਲੋਂ ਸੇਵਾ ਦੇ ਖੇਤਰ ਵਿਚ ਕੀਤੇ ਜਾਂਦੇ ਵਿਲੱਖਣ ਤੇ ਮਿਸਾਲੀ ਸੇਵਾ ਕਾਰਜਾਂ ਦੀ ਪੂਰੀ ਦੁਨੀਆਂ ਅੰਦਰ ਕਿਤੇ ਮਿਸਾਲ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਹਰੀਕੇ ਨਜ਼ਦੀਕ ਧੁੱਸੀ ਬੰਨ੍ਹ ਅੰਦਰ ਪਾਣੀ ਆਉਣ ਦੇ ਪਹਿਲੇ ਦਿਨ ਤੋਂ ਘੜੁੰਮ ਬੰਨ ਟੁੱਟਣ ਤੋਂ ਲੈ ਕੇ ਅੱਜ ਤੱਕ ਡਾਕਟਰ ਓਬਰਾਏ ਦੀ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਟਰੱਸਟ ਵੱਲੋਂ ਵੱਡੇ ਪੱਧਰ ਤੇ ਸੇਵਾ ਕਾਰਜ ਨਿਰੰਤਰ ਨਿਭਾਏ ਜਾ ਰਹੇ ਹਨ। ਕੈਬਨਿਟ ਮੰਤਰੀ ਭੁੱਲਰ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਸਾਡੇ ਵੱਲੋਂ ਡਾ. ਓਬਰਾਏ ਕੋਲੋਂ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਬੇਨਤੀ ਕੀਤੀ ਗਈ, ਉਨ੍ਹਾਂ ਵੱਲੋਂ ਸਾਨੂੰ ਸਹੀ ਸਮੇਂ ਤੇ ਹਰ ਤਰ੍ਹਾਂ ਦਾ ਸਹਿਯੋਗ ਮਿਲਿਆ ਹੈ, ਜਿਸ ਲਈ ਅਸੀਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਮੌਜੂਦਗੀ ਵਿਚ ਪਸ਼ੂਆਂ ਦੀ ਆਚਾਰ ਵੰਡਣ ਦੀ ਸੇਵਾ ਸ਼ੁਰੂ ਕਰਵਾਉਂਦੇ ਹੋਏ ਡਾਕਟਰ ਓਬਰਾਏ।

ਇਸੇ ਦੌਰਾਨ ਗੱਲਬਾਤ ਕਰਦਿਆਂ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਭਰ ਵਿਚ ਆਏ ਹੜ੍ਹਾਂ ਉਪਰੰਤ ਪਹਿਲੇ ਦਿਨ ਤੋਂ ਹੀ ਰਾਹਤ ਕਾਰਜ ਨਿਭਾਏ ਜਾ ਰਹੇ ਹਨ, ਜਿਸ ਤਹਿਤ ਤਰਨਤਾਰਨ ਜ਼ਿਲ੍ਹੇ ਵਿਚ ਪ੍ਰਭਾਵਿਤ ਲੋਕਾਂ ਨੂੰ ਟਰੱਸਟ ਦੀ ਤਰਨਤਾਰਨ ਇਕਾਈ ਦੇ ਸਰਵੇ ਮੁਤਾਬਿਕ ਪਹਿਲੇ ਦਿਨ ਤੋਂ ਹੀ ਲੋੜੀਂਦਾ ਪਸ਼ੂਆਂ ਦਾ ਚਾਰਾ, ਪਸ਼ੂਆਂ ਦੀ ਦਵਾਈਆਂ, ਸੁੱਕੇ ਰਾਸ਼ਨ ਦੀਆਂ ਕਿੱਟਾਂ, ਮੱਛਰਦਾਨੀਆਂ ਅਤੇ ਹੋਰ ਰਾਹਤ ਦਾ ਸਮਾਨ ਨਿਰੰਤਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ 350 ਕੁਇੰਟਲ ਮੱਕੀ ਦਾ ਆਚਾਰ ਇੱਥੇ ਆਇਆ ਹੈ, ਜੋ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਵਿਧਾਇਕ ਨਰੇਸ਼ ਕਟਾਰੀਆ ਦੀ ਮੌਜੂਦਗੀ ਵਿਚ ਲੋੜਵੰਦਾਂ ਨੂੰ ਤਕਸੀਮ ਕਰ ਗਿਆ ਹੈ। ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਹੜ੍ਹ ਕਾਰਨ ਨੁਕਸਾਨੇ ਗਏ ਘਰਾਂ ਨੂੰ ਬਣਾਉਣ ਦਾ ਜੋ ਐਲਾਨ ਸਾਡੇ ਵੱਲੋਂ ਕੀਤਾ ਗਿਆ ਹੈ, ਉਨ੍ਹਾਂ ਘਰਾਂ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਹਨ ਅਤੇ ਜਲਦੀ ਹੀ ਉਹ ਘਰ ਤਿਆਰ ਕਰਵਾ ਕੇ ਦਿੱਤੇ ਜਾਣਗੇ। ਇਸ ਦੌਰਾਨ ਡਾਕਟਰ ਓਬਰਾਏ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੀ ਹੌਂਸਲਾ ਦਿੰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਮੁਸ਼ਕਿਲ ਸਮੇਂ ਵਿਚ ਹਰ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਘੜੁੰਮ ਵਿਖੇ ਧੁੱਸੀ ਬੰਨ੍ਹ ਟੁੱਟਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਡਾਕਟਰ ਓਬਰਾਏ, ਕੈਬਨਿਟ ਮੰਤਰੀ ਲਾਲਜੀਤ ਸਿੰਘ ਅਤੇ ਹੋਰ।

ਇਸ ਮੌਕੇ ਟਰੱਸਟ ਦੀ ਫਿਰੋਜ਼ਪੁਰ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਮਹਿਲਾ ਵਿੰਗ ਦੇ ਪ੍ਰਧਾਨ ਅਮਰਜੀਤ ਕੌਰ ਛਾਬੜਾ, ਦਵਿੰਦਰ ਸਿੰਘ ਛਾਬੜਾ, ਤਰਨਤਾਰਨ ਇਕਾਈ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਵਾਈਸ ਪ੍ਰਧਾਨ ਵਿਸ਼ਾਲ ਸੂਦ, ਖਜ਼ਾਨਚੀ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ, ਸਤਨਾਮ ਸਿੰਘ, ਡਾਕਟਰ ਸਰਬਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਜੋਤੀਸਾਹ, ਪ੍ਰਧਾਨ ਵਰਿੰਦਰਜੀਤ ਸਿੰਘ ਹੀਰੂ, ਚੇਅਰਮੈਨ ਦਿਲਬਾਗ ਸਿੰਘ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਨਿਸ਼ਾਨ ਸਿੰਘ ਹਰੀਕੇ, ਪ੍ਰਗਟ ਸਿੰਘ ਹਰੀਕੇ ਹਾਜ਼ਰ ਸਨ।

Leave a comment