ਬਟਾਲਾ, 1 ਅਪ੍ਰੈਲ (ਪੰਜਾਬ ਮੇਲ)- ਆਪਣੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਵੱਖ-ਵੱਖ ਦੇਸ਼ਾਂ ਦੇ ਅੰਦਰ ਪਹੁੰਚ ਕੇ ਰੋਜ਼ੀ ਰੋਟੀ ਦੀ ਖਾਤਰ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਪੰਜਾਬ ਨੌਜਵਾਨਾਂ ਦੇ ਵਿਚੋਂ ਕੁੱਝ ਨੌਜਵਾਨਾਂ ਨੂੰ ਕਾਮਯਾਬੀ ਨਹੀਂ ਮਿਲਦੀ, ਜਦ ਕਿ ਬਦਨਸੀਬੀ ਦਾ ਸਾਹਮਣਾ ਕਰਦਿਆਂ ਇਨ੍ਹਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਵੀ ਜਾਣਾ ਪੈਂਦਾ ਹੈ।
ਅਜਿਹਾ ਕੁਝ ਬਟਾਲਾ ਨੇੜੇ ਪੈਂਦੇ ਪਿੰਡ ਕੋਟ ਮੰਜਲਸ ਦੇ ਨੌਜਵਾਨ ਮਨਦੀਪ ਸਿੰਘ ਦੇ ਨਾਲ ਹੋਇਆ, ਜੋ ਕਿ ਉਹ ਕੁੱਝ ਸਮਾਂ ਪਹਿਲਾਂ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ਨੂੰ ਮੱਦੇਨਜ਼ਰ ਰੱਖਦਿਆਂ ਦੁਬਈ ਵਿਖੇ ਗਿਆ ਸੀ, ਜਿੱਥੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇਸ ਪੀੜਤ ਪਰਿਵਾਰ ਨੇ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਪਿੰਡ ਕੋਟ ਮੰਜਲਸ ਲਿਆਉਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੂੰ ਸੰਪਰਕ ਵਿਚ ਲੈਂਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਡਾਕਟਰ ਐੱਸ.ਪੀ. ਸਿੰਘ ਓਬਰਾਏ ਨੂੰ ਬੇਨਤੀ ਕੀਤੀ।
ਇਸ ਦੌਰਾਨ ਡਾਕਟਰ ਐੱਸ.ਪੀ. ਸਿੰਘ ਓਬਰਾਏ ਵੱਲੋਂ ਕਾਰਵਾਈ ਕਰਦਿਆਂ ਜਿੱਥੇ ਨੌਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਪਿੰਡ ਲਿਆਂਦਾ ਗਿਆ, ਉੱਥੇ ਨਾਲ ਹੀ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਰਾਹੀਂ ਪੀੜਤ ਪਰਿਵਾਰ ਦੀ ਸਾਰ ਲੈਂਦਿਆਂ ਮ੍ਰਿਤਕ ਮਨਦੀਪ ਸਿੰਘ ਦੇ ਮਾਤਾ ਜੀ ਜਗਦੀਸ਼ ਕੌਰ ਦੀ ਮਹੀਨਾਵਾਰ ਪੈਨਸ਼ਨ ਵੀ ਲਗਾਈ ਗਈ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿਚ ਆਰਥਿਕ ਤੌਰ ‘ਤੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰ ਸਕਣ।
ਦੱਸਣਯੋਗ ਹੈ ਕਿ ਬਜ਼ੁਰਗ ਮਾਤਾ ਜਗਦੀਸ਼ ਕੌਰ ਦੇ ਪਤੀ ਸਤਨਾਮ ਸਿੰਘ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਦਕਿ ਮਾਤਾ ਜਗਦੀਸ਼ ਕੌਰ ਦੇ ਛੋਟੇ ਨੌਜਵਾਨ ਪੁੱਤਰ ਮਲਕੀਤ ਸਿੰਘ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ, ਜਦ ਕਿ ਹੁਣ ਉਸ ਦੇ ਵੱਡੇ ਅਤੇ ਘਰ ਦੇ ਕਮਾਊ ਪੁੱਤਰ ਮਨਦੀਪ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਸਿਰ ਤੋਂ ਸਾਰੇ ਹੀ ਸਹਾਰੇ ਉੱਠ ਗਏ ਹਨ, ਸਿਰਫ ਇੱਕ ਧੀ ਪਰਿਵਾਰ ਦੇ ਵਿਚ ਬਚੀ ਹੈ, ਜੋ ਕਿ ਆਪਣੇ ਸਹੁਰੇ ਪਰਿਵਾਰ ਵਿਚ ਰਹਿ ਰਹੀ ਹੈ। ਮਾਤਾ ਜਗਦੀਸ਼ ਕੌਰ ਦੇ ਸਿਰ ਉੱਪਰ ਜਿੱਥੇ ਦੁੱਖਾਂ ਦੇ ਪਹਾੜ ਟੁੱਟ ਪਏ, ਉੱਥੇ ਨਾਲ ਹੀ ਪਰਿਵਾਰ ਦੇ ਵਿਚ ਕੋਈ ਵੀ ਕਮਾਉਣ ਵਾਲਾ ਮਰਦ ਮੈਂਬਰ ਨਹੀਂ ਬਚਿਆ।
ਇਸ ਦੌਰਾਨ ਇਨ੍ਹਾਂ ਸਾਰੇ ਹਾਲਾਤਾਂ ਬਾਰੇ ਜਦ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਵੱਲੋਂ ਟਰੱਸਟ ਦੇ ਮੁੱਖੀ ਡਾਕਟਰ ਐੱਸ.ਪੀ. ਸਿੰਘ ਓਬਰਾਏ ਨੂੰ ਜਾਣਕਾਰੀ ਦਿੱਤੀ ਗਈ, ਤਾਂ ਉਨ੍ਹਾਂ ਨੇ ਤੁਰੰਤ ਮਾਤਾ ਜਗਦੀਸ਼ ਕੌਰ ਦੀ ਮਹੀਨਾਵਾਰ ਪੈਨਸ਼ਨ ਲਗਾਉਣ ਦੀ ਮਨਜ਼ੂਰੀ ਦਿੱਤੀ। ਇਸ ਦੌਰਾਨ ਪਿੰਡ ਕੋਟ ਮੰਜਲਸ ਵਿਖੇ ਪਹੁੰਚੇ ਟਰੱਸਟ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਜਨਰਲ ਸਕੱਤਰ ਰਜਿੰਦਰ ਸਿੰਘ ਹੈਪੀ ਅਤੇ ਸਮਾਜ ਸੇਵੀ ਨੌਜਵਾਨ ਆਗੂ ਜਤਿੰਦਰ ਸਿੰਘ ਕਾਹਲੋਂ ਵੱਲੋਂ ਮਾਤਾ ਜਗਦੀਸ਼ ਕੌਰ ਨੂੰ ਪੈਨਸ਼ਨ ਦਾ ਪਹਿਲਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਬੇਸਹਾਰਾ ਹੋਈ ਮਾਤਾ ਜਗਦੀਸ਼ ਕੌਰ ਨੇ ਡਾਕਟਰ ਐੱਸ.ਪੀ. ਸਿੰਘ ਓਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਟੀਮ ਦਾ ਧੰਨਵਾਦ ਕੀਤਾ।
ਡਾ. ਐੱਸ.ਪੀ. ਸਿੰਘ ਓਬਰਾਏ ਨੇ ਪਰਿਵਾਰ ‘ਚ ਇਕਲੌਤੀ ਬਚੀ ਬਜ਼ੁਰਗ ਮਾਤਾ ਦੀ ਮਹੀਨਾਵਾਰ ਪੈਨਸ਼ਨ ਲਗਾਈ
