ਮਜੀਠੀਆ ਨੇ ਸਿੱਟ ‘ਤੇ ਅਦਾਲਤ ‘ਚ ਪੇਸ਼ੀ ਵਾਲੇ ਦਿਨ ਹੀ ਜਾਣਬੁੱਝ ਕੇ ਨੋਟਿਸ ਜਾਰੀ ਕਰਨ ਦੇ ਲਾਏ ਦੋਸ਼
– ਐੱਸ.ਆਈ.ਟੀ. ਨੇ ਮਜੀਠਿਆ ਦੇ ਦੋਸ਼ਾਂ ਨੂੰ ਨਕਾਰਿਆ
ਪਟਿਆਲਾ, 31 ਜੁਲਾਈ (ਪੰਜਾਬ ਮੇਲ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੀਜੀ ਵਾਰ ਵੀ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਏ। ਮਜੀਠੀਆ ਨੂੰ ਮੰਗਲਵਾਰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਮਜੀਠੀਆ ਨੇ 10:52 ਵਜੇ ਮੇਲ ਭੇਜ ਕੇ ਪੇਸ਼ ਨਾ ਹੋਣ ਸਬੰਧੀ ਸੂਚਨਾ ਦਿੱਤੀ, ਜਿਸ ਕਾਰਨ ਮਾਮਲੇ ‘ਚ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਵੀ ਉਹ 18 ਅਤੇ 20 ਜੁਲਾਈ ਨੂੰ ਪੇਸ਼ ਨਹੀਂ ਹੋਏ। ਇਸ ਮਾਮਲੇ ‘ਚ ਦੋਵਾਂ ਧਿਰਾਂ ਵੱਲੋਂ ਆਪਣਾ-ਆਪਣਾ ਪੱਖ ਰੱਖਿਆ ਗਿਆ। ਮਜੀਠੀਆ ਨੇ ਐੱਸ.ਆਈ.ਟੀ. ‘ਤੇ ਦੋਸ਼ ਲਾਏ ਹਨ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਐੱਸ.ਆਈ.ਟੀ. ਉਨ੍ਹਾਂ ਦੇ ਰਾਹ ‘ਚ ਅੜਿੱਕੇ ਡਾਹ ਰਹੀ ਹੈ। ਜਿਸ ਦਿਨ ਮੇਰੀ ਅਦਾਲਤ ‘ਚ ਪੇਸ਼ੀ ਹੁੰਦੀ ਹੈ, ਤਾਂ ਉਸ ਦਿਨ ਦਾ ਜਾਣਬੁੱਝ ਕੇ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ, ਜਦਕਿ ਐੱਸ.ਆਈ.ਟੀ. ਮੇਰੇ ਖ਼ਿਲਾਫ਼ ਕੇਸਾਂ ਤੋਂ ਜਾਣੂ ਹੈ। ਮਜੀਠੀਆ ਨੇ ਕਿਹਾ ਕਿ ਕੇਸਾਂ ਦਾ ਜ਼ਿਕਰ ਮੇਰੀ ਜ਼ਮਾਨਤ ਦੀ ਅਰਜ਼ੀ ‘ਚ ਵੀ ਹੈ। ਪਹਿਲਾਂ ਸੁਪਰੀਮ ਕੋਰਟ ਅਤੇ ਹੁਣ ਚੰਡੀਗੜ੍ਹ ਕੋਰਟ ‘ਚ ਪੇਸ਼ੀ ਦੇ ਦਿਨ ਜਾਣਬੁੱਝ ਕੇ ਨੋਟਿਸ ਜਾਰੀ ਕੀਤੇ ਗਏ ਹਨ, ਜਦਕਿ ਮੇਰੇ ਵੱਲੋਂ ਐੱਸ.ਆਈ.ਟੀ. ਨੂੰ ਪਹਿਲੇ ਦਿਨ ਤੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਐੱਸ.ਆਈ.ਟੀ. ਨੂੰ ਜਦੋਂ ਮਜੀਠੀਆ ਵੱਲੋਂ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦੱਸਿਆ ਕਿ ਮਜੀਠੀਆ ਨੇ ਕਦੇ ਵੀ ਆਪਣੀ ਆਉਣ ਵਾਲੀ ਅਦਾਲਤੀ ਸੁਣਵਾਈ ਬਾਰੇ ਐੱਸ.ਆਈ.ਟੀ. ਨੂੰ ਸੂਚਿਤ ਨਹੀਂ ਕੀਤਾ। ਜਦੋਂ ਵੀ ਉਸ ਨੂੰ ਸੰਮਨ ਭੇਜੇ ਜਾਂਦੇ ਹਨ, ਤਾਂ ਉਸ ਨੇ ਕਦੇ ਇਤਰਾਜ਼ ਨਹੀਂ ਕੀਤਾ, ਸਗੋਂ ਜਦੋਂ ਐੱਸ.ਆਈ.ਟੀ. ਜਾਂਚ ਦੀ ਤਰੀਕ ਤੈਅ ਕਰਦੀ ਹੈ, ਤਾਂ ਉਹ ਆਪਣਾ ਜਵਾਬ ਭੇਜ ਦਿੰਦਾ ਹੈ। ਮਜੀਠੀਆ ਵੱਲੋਂ ਜਿਹੜੇ ਦੋਸ਼ ਲਗਾਏ ਗਏ ਹਨ ਕਿ ਐੱਸ.ਆਈ.ਟੀ. ਉਸ ਨੂੰ ਅਦਾਲਤ ‘ਚ ਪੇਸ਼ ਹੋਣ ਤੋਂ ਰੋਕਦੀ ਹੈ, ਉਹ ਬੇਬੁਨਿਆਦ ਹਨ। ਜਦਕਿ ਮਜੀਠੀਆ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਦਾਲਤੀ ਕੇਸਾਂ ਦੀ ਸੁਣਵਾਈ ਬਾਰੇ ਐੱਸ.ਆਈ.ਟੀ. ਨੂੰ ਪਹਿਲਾਂ ਹੀ ਸੂਚਿਤ ਕਰੇ, ਤਾਂ ਕਿ ਉਸ ਨੂੰ ਕਿਸੇ ਹੋਰ ਦਿਨ ਲਈ ਸੰਮਨ ਜਾਰੀ ਕੀਤੇ ਜਾ ਸਕਣ। ਐੱਸ.ਆਈ.ਟੀ. ਦੇ ਮੈਂਬਰਾਂ ਦਾ ਕਹਿਣਾ ਸੀ ਕਿ ਮਾਮਲੇ ‘ਚ ਜੇਕਰ ਮਜੀਠੀਆ ਨੇ ਸੰਮਨ ਭੇਜਣ ਵਾਲੇ ਅਧਿਕਾਰੀ ਨੂੰ ਸੂਚਿਤ ਕੀਤਾ ਹੁੰਦਾ ਜਾਂ ਨਿਰਧਾਰਤ ਮਿਤੀ (ਜੁਲਾਈ 30, 2024) ਤੋਂ ਪਹਿਲਾਂ ਸਾਨੂੰ ਸੂਚਿਤ ਕੀਤਾ ਹੁੰਦਾ, ਤਾਂ ਐੱਸ.ਆਈ.ਟੀ. ਵੱਲੋਂ ਨਿਸ਼ਚਿਤ ਤੌਰ ‘ਤੇ ਤਾਰੀਖ਼ ਨੂੰ ਬਦਲ ਦਿੱਤਾ ਜਾਂਦਾ।