ਬਹੁਤ ਜਲਦੀ ਨਵਾਂ ਸੰਮਨ ਭੇਜਾਂਗੇ : ਆਈ.ਜੀ. ਭੁੱਲਰ
ਚੰਡੀਗੜ੍ਹ, 9 ਜੁਲਾਈ (ਪੰਜਾਬ ਮੇਲ)- ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ (ਸਿਟ) ਨੇ ਬਿਕਰਮ ਸਿੰਘ ਮਜੀਠੀਆ ਨੂੰ ਜਾਰੀ ਸੰਮਨ ਵਾਪਸ ਲਏ ਹਨ, ਜਿਸ ਕਾਰਨ ਸਾਬਕਾ ਮੰਤਰੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਦਾਖਲ ਪਟੀਸ਼ਨ ਬੇਅਸਰ ਹੋ ਗਈ ਹੈ। ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਜੀ.ਐੱਸ. ਸੰਧਾਵਾਲੀਆ ਅਤੇ ਜਸਟਿਸ ਵਿਕਾਸ ਬਹਿਲ ਦੇ ਡਿਵੀਜ਼ਨ ਬੈਂਚ ਵੱਲੋਂ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਦਸਤਾਵੇਜ਼ ਜਾਂ ਕੋਈ ਹੋਰ ਚੀਜ਼ ਪੇਸ਼ ਕਰਨ ਲਈ ਸੰਮਨ ਦੇ ਸਬੰਧ ‘ਚ ਅਪਰਾਧਕ ਪ੍ਰਕਿਰਿਆ ਦੀ ਧਾਰਾ 91 ਤਹਿਤ ਆਉਣ ਵਾਲਾ ਨੋਟਿਸ ਵਾਪਸ ਲਿਆ ਗਿਆ ਹੈ। ਹਲਫਨਾਮੇ ਦਾ ਨੋਟਿਸ ਲੈਂਦਿਆਂ ਬੈਂਚ ਨੇ ਸਪੱਸ਼ਟ ਕੀਤਾ ਕਿ ਪਟੀਸ਼ਨ ਨੂੰ ਰੱਦ ਮੰਨਣ ਤੋਂ ਪਹਿਲਾਂ ਸਰਕਾਰ ਇਸ ਸਬੰਧੀ ਹਲਫ਼ਨਾਮਾ ਦੇਣ ਲਈ ਪਾਬੰਦ ਹੋਵੇਗੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਸਿਟ ਵੱਲੋਂ ਨੋਟਿਸ ਭੇਜੇ ਜਾਣ ਮਗਰੋਂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਕੀਲਾਂ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਸੀ। ਹਾਲਾਂਕਿ ਹਾਈ ਕੋਰਟ ‘ਚ ਪਿਛਲੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਸਿਟ ਵੱਲੋਂ 7 ਜੂਨ ਜਾਰੀ ਨੋਟਿਸ ਦੇ ਹਵਾਲੇ ਪੁੱਛ-ਪੜਤਾਲ ਤੇ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾਉਣ ਨੂੰ ਲਾਜ਼ਮੀ ਦੱਸਿਆ ਸੀ। ਮਜੀਠੀਆ ਨੇ ਦਲੀਲ ਦਿੱਤੀ ਸੀ ਕਿ ਵਾਰ-ਵਾਰ ਸੰਮਨ ਭੇਜ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਉਨ੍ਹਾਂ ਨੂੰ 8 ਜੁਲਾਈ ਤੱਕ ਸਿਟ ਸਾਹਮਣੇ ਪੇਸ਼ ਹੋਣ ਤੋਂ ਰਾਹਤ ਦਿੱਤੀ ਸੀ।
ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹਾਲੇ ਘਟੀਆਂ ਨਹੀਂ ਹਨ। ਮਾਮਲੇ ਦੀ ਜਾਂਚ ਕਰ ਰਹੀ ਸਿਟ ਦੇ ਇੰਚਾਰਜ ਪਟਿਆਲਾ ਰੇਂਜ ਦੇ ਆਈ.ਜੀ. ਐੱਚ.ਐੱਸ. ਭੁੱਲਰ ਨੇ ਕਿਹਾ ਕਿ ਜਲਦੀ ਹੀ ਬਿਕਰਮ ਸਿੰਘ ਮਜੀਠੀਆ ਨੂੰ ਨਵਾਂ ਸੰਮਨ ਭੇਜਿਆ ਜਾਵੇਗਾ। ਭੁੱਲਰ ਨੇ ਕਿਹਾ, ”ਡਰੱਗਜ਼ ਮਾਮਲੇ ਵਿਚ ਪੜਤਾਲ ਹੋਣੀ ਲਾਜ਼ਮੀ ਹੈ ਤੇ ਇਸ ਮਾਮਲੇ ‘ਚ ਪੂਰੀ ਪੜਤਾਲ ਕਰਨ ਲਈ ਬਿਕਰਮ ਸਿੰਘ ਮਜੀਠੀਆ ਅਹਿਮ ਕੜੀ ਹਨ, ਜਿਨ੍ਹਾਂ ਕੋਲੋਂ ਪੁੱਛ-ਪੜਤਾਲ ਕਰਨੀ ਲਾਜ਼ਮੀ ਹੈ। ਅਸੀਂ ਬਹੁਤ ਜਲਦੀ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਭੇਜ ਕੇ ਤਲਬ ਕਰਾਂਗੇ, ਤਾਂ ਜੋ ਪੜਤਾਲ ਦੇ ਰਹਿ ਗਏ ਕੁਝ ਤੱਥ ਸਪੱਸ਼ਟ ਕੀਤੇ ਜਾ ਸਕਣ।”