-7 ਸਾਲਾਂ ਤੋਂ ਜੇਲ੍ਹ ਵਿਚ ਬੰਦ ਸਾਬਕਾ ਕਾਂਗਰਸੀ ਆਗੂ ਦੀ ਪਤਨੀ ਦੀ ਬਿਮਾਰੀ ਦਾ ਦਿੱਤਾ ਹਵਾਲਾ
ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦੋਸ਼ੀ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਉਸ ਪਟੀਸ਼ਨ ‘ਤੇ ਜੁਲਾਈ ਵਿਚ ਸੁਣਵਾਈ ਕਰਨ ਲਈ ਸਹਿਮਤੀ ਜਤਾਈ ਹੈ, ਜਿਸ ਵਿਚ ਉਸ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਪਹਿਲਾਂ ਹੀ ਸੱਤ ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਕੱਟ ਚੁੱਕਾ ਹੈ। 80 ਸਾਲਾ ਸੱਜਣ ਕੁਮਾਰ 31 ਦਸੰਬਰ, 2018 ਤੋਂ ਜੇਲ੍ਹ ਵਿਚ ਹੈ, ਜਦੋਂ ਉਸ ਨੇ ਦਿੱਲੀ ਹਾਈ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਤਮ ਸਮਰਪਣ ਕੀਤਾ ਸੀ।
ਇਹ ਮਾਮਲਾ ਦੱਖਣੀ-ਪੱਛਮੀ ਦਿੱਲੀ ਦੀ ਪਾਲਮ ਕਾਲੋਨੀ ਦੇ ਨਗਰ ਪਾਰਟ-1 ਇਲਾਕੇ ਨਾਲ ਸਬੰਧਤ ਹੈ, ਜਿੱਥੇ 1-2 ਨਵੰਬਰ 1984 ਨੂੰ ਪੰਜ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਰਾਜ ਨਗਰ ਪਾਰਟ-2 ਵਿਚ ਇੱਕ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੂੰ ਉਲਟਾਉਂਦੇ ਹੋਏ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ, 25 ਫਰਵਰੀ 2025 ਨੂੰ ਦਿੱਲੀ ਦੀ ਇੱਕ ਹੋਰ ਅਦਾਲਤ ਨੇ ਸਰਸਵਤੀ ਵਿਹਾਰ ਇਲਾਕੇ ਵਿਚ ਪਿਓ-ਪੁੱਤ ਦੇ ਕਤਲ ਦੇ ਮਾਮਲੇ ਵਿਚ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਅਦਾਲਤ ਵਿਚ ਸੱਜਣ ਕੁਮਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਜਸਟਿਸ ਜੇ.ਕੇ. ਮਾਹੇਸ਼ਵਰੀ ਅਤੇ ਜਸਟਿਸ ਅਤੁਲ ਐੱਸ. ਚਾਂਦੂਰਕਰ ਦੇ ਬੈਂਚ ਅੱਗੇ ਦਲੀਲ ਦਿੱਤੀ ਕਿ ਕੁਮਾਰ ਪਿਛਲੇ ਸੱਤ ਸਾਲਾਂ ਅਤੇ ਚਾਰ ਮਹੀਨਿਆਂ ਤੋਂ ਜੇਲ੍ਹ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੁਮਾਰ ਨੇ ਕਦੇ ਪੈਰੋਲ ਜਾਂ ਕਿਸੇ ਹੋਰ ਰਾਹਤ ਦੀ ਮੰਗ ਨਹੀਂ ਕੀਤੀ। ਵਕੀਲ ਨੇ ਭਾਵੁਕ ਪੱਖ ਰੱਖਦਿਆਂ ਕਿਹਾ ਕਿ ਸੱਜਣ ਕੁਮਾਰ ਦੀ ਪਤਨੀ ਦੀ ਸਿਹਤ ਬਹੁਤ ਖਰਾਬ ਹੈ ਅਤੇ ਉਹ ਹਿੱਲਣ-ਜੁਲਣ ਤੋਂ ਅਸਮਰੱਥ ਹੈ, ਜਿਸ ਕਾਰਨ ਕੁਮਾਰ ਤਿਹਾੜ ਜੇਲ੍ਹ ਜਾਣ ਤੋਂ ਬਾਅਦ ਇੱਕ ਵਾਰ ਵੀ ਆਪਣੀ ਪਤਨੀ ਨੂੰ ਨਹੀਂ ਮਿਲ ਸਕਿਆ।
ਬੈਂਚ ਨੇ ਇਨ੍ਹਾਂ ਦਲੀਲਾਂ ਨੂੰ ਨੋਟ ਕਰਦਿਆਂ ਸੱਜਣ ਕੁਮਾਰ ਦੀ ਅਪੀਲ ‘ਤੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ ਦੇ ਆਖਰੀ ਹਫ਼ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਦੰਗਿਆਂ ਵਿੱਚ ਲਗਭਗ 3,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਸਨ। ਸੱਜਣ ਕੁਮਾਰ ਦੀ ਇਹ ਅਪੀਲ ਦਿੱਲੀ ਹਾਈ ਕੋਰਟ ਦੇ ਉਸ 2013 ਦੇ ਫੈਸਲੇ ਵਿਰੁੱਧ ਹੈ, ਜਿਸ ਨੇ ਉਸ ਦੀ ਬਰੀਅਤ ਨੂੰ ਸਜ਼ਾ ਵਿੱਚ ਬਦਲ ਦਿੱਤਾ ਸੀ।
’84 ਸਿੱਖ ਕਤਲੇਆਮ: ਸੁਪਰੀਮ ਕੋਰਟ ਸੱਜਣ ਕੁਮਾਰ ਦੀ ਅਪੀਲ ‘ਤੇ ਜੁਲਾਈ ‘ਚ ਕਰੇਗਾ ਸੁਣਵਾਈ

