#EUROPE

ਡਰਬੀ ਦੇ ਕਬੱਡੀ ਟੂਰਨਾਮੈਂਟ ’ਚ ਚੱਲੀਆਂ ਗੋਲੀਆਂ, ਤਿੰਨ ਫੱਟੜ

ਲੰਡਨ, 22 ਅਗਸਤ (ਪੰਜਾਬ ਮੇਲ)- ਇੰਗਲੈਂਡ ਦੇ ਈਸਟ ਮਿਡਲੈਂਡਜ਼ ਖੇਤਰ ’ਚ ਪੰਜਾਬੀ ਭਾਈਚਾਰੇ ਵੱਲੋਂ ਕਰਵਾਏ ਗਏ ਇਕ ਕਬੱਡੀ ਟੂਰਨਾਮੈਂਟ ’ਚ ‘ਵੱਡੇ ਪੱਧਰ ’ਤੇ ਹੋਈ ਗੜਬੜੀ’ ਵਿਚ ਤਿੰਨ ਜਣੇ ਫੱਟੜ ਹੋ ਗਏ| ਇਕ ਵਿਅਕਤੀ ਗੰਭੀਰ ਜ਼ਖ਼ਮੀ ਹੈ| ਡਰਬੀਸ਼ਾਇਰ ਪੁਲਿਸ ਨੇ ਦੱਸਿਆ ਕਿ ਡਰਬੀ ਸ਼ਹਿਰ ਦੇ ਅਲਵੈਸਟਨ ’ਚ ਵੱਡੀ ਗਿਣਤੀ ਵਿਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ| ਹਿੰਸਕ ਟਕਰਾਅ ਦੀ ਘਟਨਾ ਐਤਵਾਰ ਨੂੰ ਵਾਪਰੀ ਹੈ| ਘਟਨਾ ਦੀ ਸੋਸ਼ਲ ਮੀਡੀਆ ਫੁਟੇਜ ’ਚ ਵੱਡੀ ਭੀੜ ਸਹਿਮ ਨਾਲ ਖਿੰਡਦੀ ਹੋਈ ਨਜ਼ਰ ਆ ਰਹੀ ਹੈ| ਇਸ ਦੌਰਾਨ ਗੋਲੀਆਂ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ ਤੇ ਹਮਲਾਵਰਾਂ ਕੋਲ ਤਲਵਾਰਾਂ ਵੀ ਦੇਖੀਆਂ ਗਈਆਂ ਹਨ| ਮੰਨਿਆ ਜਾ ਰਿਹਾ ਹੈ ਕਿ ਘਟਨਾ ਦੋ ਗੈਂਗਾਂ ਵਿਚਾਲੇ ਟਕਰਾਅ ਦਾ ਨਤੀਜਾ ਹੈ| ਪੁਲਿਸ ਨੇ ਫੱਟੜਾਂ ਨੂੰ ਹਸਪਤਾਲ ਦਾਖਲ ਕਰਾਇਆ ਹੈ| ਪੁਲਿਸ ਨੇ ਗਵਾਹਾਂ ਨੂੰ ਅੱਗੇ ਆਉਣ ਤੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ| ਵੇਰਵਿਆਂ ਮੁਤਾਬਕ ਐਤਵਾਰ ਨੂੰ ਹੋਏ ਟੂਰਨਾਮੈਂਟ ਲਈ ਪੂਰੇ ਯੂ.ਕੇ. ਤੋਂ ਕਬੱਡੀ ਦੇ ਵੱਡੇ ਖਿਡਾਰੀ ਪਹੁੰਚੇ ਸਨ| ਇਹ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਟੂਰਨਾਮੈਂਟ ਸੀ ਤੇ ਕਈ ਮੁਕਾਬਲੇ ਤੈਅ ਸਨ| ਤੀਹ ਤੋਂ ਵੱਧ ਸਾਲਾਂ ਤੋਂ ਖੇਡ ਰਹੀ ਡਰਬੀ ਸ਼ਹਿਰ ਦੀ ਟੀਮ ਇਸ ਮੁਕਾਬਲੇ ’ਚ ਗੁਰੂ ਅਰਜਨ ਦੇਵ ਗੁਰਦੁਆਰਾ ਕਬੱਡੀ ਕਲੱਬ ਵਜੋਂ ਹਿੱਸਾ ਲੈ ਰਹੀ ਸੀ| ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵੀ ਕਬੱਡੀ ਟੂਰਨਾਮੈਂਟਾਂ ਦੌਰਾਨ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਹਨ|

Leave a comment