#PUNJAB

ਟੈਕਸ ਚੋਰੀ ਕਰਕੇ ਪੰਜਾਬ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਨੇ ਆਇਲਸ ਕੇਂਦਰ

ਚੰਡੀਗੜ੍ਹ, 5 ਅਗਸਤ (ਪੰਜਾਬ ਮੇਲ)-ਪੰਜਾਬ ਦੀ ‘ਆਇਲਸ ਮਾਰਕੀਟ’ ‘ਚ ਕਰੋੜਾਂ ਰੁਪਏ ਦੀ ਟੈਕਸ ਚੋਰੀ ਹੋਣ ਦਾ ਪਤਾ ਚੱਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਸਰਕਾਰ ਨੇ ਹੁਣ ਇਸ ਦੀ ਜਾਂਚ ਵਿੱਢੀ ਹੈ। ਮੁਹਿੰਮ ਦੇ ਪਹਿਲੇ ਪੜਾਅ ਵਿਚ 21 ਆਇਲਸ ਕੇਂਦਰਾਂ (ਆਈਲੈਟਸ ਸੈਂਟਰ) ਵੱਲੋਂ ਕਰੀਬ ਚਾਰ ਕਰੋੜ ਦੀ ਟੈਕਸ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਤਾ ਲੱਗਾ ਹੈ ਕਿ ਬਹੁਤੇ ਆਇਲਸ ਕੇਂਦਰ ਨਕਦ ਵਿਚ ਫ਼ੀਸ ਵਸੂਲ ਕਰਦੇ ਹਨ, ਤਾਂ ਜੋ ਟੈਕਸਾਂ ਤੋਂ ਬਚਿਆ ਜਾ ਸਕੇ। ਵੇਰਵਿਆਂ ਅਨੁਸਾਰ ਪੰਜਾਬ ਵਿਚ ਕਰੀਬ ਇੱਕ ਹਜ਼ਾਰ ਆਇਲਸ ਸਿਖਲਾਈ ਕੇਂਦਰ ਹਨ, ਜਿਨ੍ਹਾਂ ਦਾ ਜੀ.ਐੱਸ.ਟੀ. ਵਿਚ ਕਰੀਬ ਇੱਕ ਹਜ਼ਾਰ ਕਰੋੜ ਦਾ ਯੋਗਦਾਨ ਹੈ। ਪੰਜਾਬ ਦੇ ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਵਿਭਾਗ ਨੇ ਡੇਟਾ ਵਿਸ਼ਲੇਸ਼ਣ ਕੀਤਾ ਸੀ ਅਤੇ ਇਸੇ ਆਧਾਰ ‘ਤੇ ਆਇਲਸ ਕੇਂਦਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਹੁਣ ਤੱਕ ਮੁਹਾਲੀ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਬਰਨਾਲਾ, ਰਾਜਪੁਰਾ, ਮੋਗਾ ਅਤੇ ਮਾਲੇਰਕੋਟਲਾ ਦੇ ਟੈਕਸ ਚੋਰੀ ਕਰਨ ਵਾਲੇ 21 ਆਇਲਸ ਕੇਂਦਰ ਸ਼ਨਾਖ਼ਤ ਕੀਤੇ ਹਨ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਇੱਕ ਕੇਂਦਰ ਵੱਲੋਂ ਘੱਟੋ-ਘੱਟ ਤਿੰਨ ਲੱਖ ਰੁਪਏ ਦੇ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਸਾਲ 23 ਹਜ਼ਾਰ ਕਰੋੜ ਦੀ ਜੀ.ਐੱਸ.ਟੀ. ਵਸੂਲੀ ਦਾ ਟੀਚਾ ਰੱਖਿਆ ਹੋਇਆ ਹੈ। ਸਰਕਾਰ ਵਸੂਲੀ ਵਧਾਉਣ ਲਈ ਟੈਕਸ ਚੋਰੀ ਦੇ ਰਸਤੇ ਬੰਦ ਕਰਨ ਦੇ ਰਾਹ ਪਈ ਹੋਈ ਹੈ।

Leave a comment