#AMERICA

ਟੈਕਸਾਸ ਦੇ ਇਕ ਘਰ ‘ਚ 3 ਬੱਚੇ ਮ੍ਰਿਤਕ ਮਿਲੇ, 2 ਨੂੰ ਹਸਪਤਾਲ ਦਾਖਲ ਕਰਵਾਇਆ

ਸੈਕਰਾਮੈਂਟੋ, 6 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟੈਕਸਾਸ ਰਾਜ ਦੇ ਇਕ ਛੋਟੇ ਜਿਹੇ ਕਸਬੇ ਦੇ ਇਕ ਘਰ ਵਿਚ 3 ਬੱਚੇ ਮ੍ਰਿਤਕ ਹਾਲਤ ਵਿਚ ਮਿਲਣ ਦੀ ਖ਼ਬਰ ਹੈ, ਜਦਕਿ 2 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਈਲਿਸ ਕਾਊਂਟੀ ਸ਼ੈਰਿਫ ਦਫ਼ਤਰ ਨੇ ਦਿੱਤੀ ਹੈ। ਚਾਈਲਡ ਪ੍ਰੋਟੈਕਟਿਵ ਸਰਵਿਸਜ਼ ਨੇ ਕਿਹਾ ਹੈ ਕਿ ਬੱਚੇ ਆਪਸ ਵਿਚ ਭੈਣ-ਭਰਾ ਸਨ। ਟੈਕਸਾਸ ਡਿਪਾਰਟਮੈਂਟ ਆਫ ਫੈਮਿਲੀ ਐਂਡ ਪ੍ਰੋਟੈਕਟਿਵ ਸਰਵਿਸਜ਼ ਦੇ ਅਧਿਕਾਰੀ ਟਿਫਾਨੀ ਬਟਲਰ ਅਨੁਸਾਰ ਬੱਚੇ ਆਰਜੀ ਤੌਰ ‘ਤੇ ਚਾਈਲਡ ਪ੍ਰੋਟੈਕਟਿਵ ਸਰਵਿਸਜ਼ ਅਧੀਨ ਸਨ। ਉਨ੍ਹਾਂ ਕਿਹਾ ਹੈ ਕਿ ਅਸੀਂ ਇਸ ਦੁੱਖਦਾਈ ਘਟਨਾ ਤੋਂ ਗਹਿਰੇ ਸਦਮੇ ਵਿਚ ਹਾਂ ਤੇ ਘਟਨਾ ਦੀ ਜਾਂਚ ਵਾਸਤੇ ਇਨਫੋਰਸਮੈਂਟ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਟਲੀ ਨਾਂ ਦਾ ਕਸਬਾ ਜਿਥੇ ਇਹ ਘਟਨਾ ਵਾਪਰੀ ਡਲਾਸ ਦੇ ਦੱਖਣ ਵਿਚ ਤਕਰੀਬਨ 40 ਮੀਲ ਦੂਰ ਸਥਿੱਤ ਹੈ। ਸ਼ੈਰਿਫ ਡਿਪਟੀ ਜੈਰੀ ਕੋਜ਼ਬੀ ਨੇ ਕਿਹਾ ਹੈ ਕਿ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Leave a comment