#AMERICA

ਟੈਕਸਾਸ ਤੋਂ ਇਕ ਨਿੱਜੀ ਜਹਾਜ਼ 20 ਪ੍ਰਵਾਸੀਆਂ ਨੂੰ ਲੈ ਕੇ ਕੈਲੀਫੋਰਨੀਆ ਪੁੱਜਾ

ਸੈਕਰਾਮੈਂਟੋ, 7 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਕੈਲੀਫੋਰਨੀਆ ਦੇ ਟੈਕਸਾਸ ਰਾਜ ਤੋਂ ਇਕ ਨਿੱਜੀ ਜਹਾਜ਼ ਵੱਲੋਂ 20 ਪ੍ਰਵਾਸੀਆਂ ਨੂੰ ਲੈ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਪੁੱਜਣ ਦੀ ਖਬਰ ਹੈ। ਹਾਲ ਹੀ ਵਿਚ ਕਿਸੇ ਕੰਜਰਵੇਟਿਵ ਰਾਜ ਤੋਂ ਕੈਲੀਫੋਰਨੀਆ ਪ੍ਰਵਾਸੀ ਲੈ ਕੇ ਪੁੱਜਾ ਇਹ ਦੂਸਰਾ ਜਹਾਜ਼ ਹੈ। ਪ੍ਰਵਾਸੀਆਂ ਨੂੰ ਪਹਿਲਾਂ ਟੈਕਸਾਸ ਤੋਂ ਨਿਊ ਮੈਕਸੀਕੋ ਲਿਜਾਇਆ ਗਿਆ ਤੇ ਬਾਅਦ ਵਿਚ ਨਿੱਜੀ ਚਾਰਟਡ ਜੈੱਟ ਜਹਾਜ਼ ਰਾਹੀਂ ਕੈਲੀਫੋਰਨੀਆ ਪਹੁੰਚਾਇਆ ਗਿਆ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੋਈ ਅਗਾਊਂ ਚਿਤਾਵਨੀ ਦਿੱਤੇ ਬਿਨਾਂ ਪ੍ਰਵਾਸੀਆਂ ਨੂੰ ਇਕ ਸਥਾਨਕ ਚਰਚ ਵਿਚ ਰੱਖਿਆ ਗਿਆ ਹੈ। ਕੈਲੀਫੋਰਨੀਆ ਅਟਾਰਨੀ ਜਨਰਲ ਰਾਬ ਬੋਨਟਾ ਦੀ ਸਪੋਕਸਪਰਸਨ ਤਾਰਾ ਗਾਲਗੋਸ ਅਨੁਸਾਰ 20 ਪ੍ਰਵਾਸੀਆਂ ਕੋਲ ਜਿਹੜੇ ਕਾਗਜ਼-ਪੱਤਰ ਹਨ, ਉਸ ਤੋਂ ਪਤਾ ਲੱਗਾ ਹੈ ਕਿ ਇਹ ਪ੍ਰਵਾਸੀ ਫਲੋਰਿਡਾ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਅਟਾਰਨੀ ਜਨਰਲ ਦੇ ਦਫਤਰ ਵਲੋਂ ਇਨ੍ਹਾਂ ਪ੍ਰਵਾਸੀਆਂ ਦੇ ਦੇਸ਼ ਸਮੇਤ ਹੋਰ ਵੇਰਵੇ ਇੱਕਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜੋ ਜਹਾਜ਼ ਕੈਲੀਫੋਰਨੀਆ ਲੈ ਕੇ ਆਇਆ ਹੈ, ਉਸ ਨੂੰ ਚਲਾਉਣ ਵਾਲਾ ਠੇਕੇਦਾਰ ਉਹ ਹੀ ਹੈ, ਜਿਸ ਨੇ ਪਿਛਲੇ ਸ਼ੁੱਕਰਵਾਰ ਇਕ ਚਾਰਟਡ ਉਡਾਣ ਰਾਹੀਂ 16 ਪ੍ਰਵਾਸੀ ਕੈਲੀਫੋਰਨੀਆ ਭੇਜੇ ਸਨ।

Leave a comment