#AMERICA

ਟੈਕਸਾਸ ’ਚ ਮੈਕਸੀਕੋ ਤੋਂ ਆਈ ਬੱਸ ’ਚੋਂ 22 ਕਿਲੋ ਤੋਂ ਵਧ ਕੋਕੀਨ ਫੜੀ

ਸੈਕਰਾਮੈਂਟੋ, 22 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ’ਚ ਯੂ.ਐੱਸ. ਕਸਟਮਜ ਅਧਿਕਾਰੀਆਂ ਵੱਲੋਂ ਮੈਕਸੀਕੋ ਤੋਂ ਆਈ ਇਕ ਕਮਰਸ਼ੀਅਲ ਬੱਸ ਵਿਚੋਂ 2 ਦਰਜਨ ਪੈਕਟ ਕੋਕੀਨ ਦੇ ਫੜੇ ਜਾਣ ਦੀ ਖਬਰ ਹੈ| ਏਜੰਸੀ ਨੇ ਕਿਹਾ ਹੈ ਕਿ ਯੂ.ਐੱਸ. ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਨੇ ਰੋਮਾ ਕੌਮਾਂਤਰੀ ਪੁਲ ਉਪਰ ਇਕ ਬੱਸ ਵਿਚੋਂ ਵਰਣਨਯੋਗ ਮਾਤਰਾ ’ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ| ਰੋਮਾ ਦੱਖਣੀ ਟੈਕਸਾਸ ਵਿਚ ਰੀਓ ਗ੍ਰਾਂਡ ਦੇ ਨਾਲ ਮੈਕਐਲਨ ਦੇ ਉਤਰ ਪੱਛਮ ਵਿਚ ਮੋਟੇ ਤੌਰ ’ਤੇ 50 ਮੀਲ ਦੂਰ ਹੈ| ਯੂ.ਐੱਸ. ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ (ਸੀ.ਬੀ.ਪੀ.) ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਬੱਸ ਦੇ ਪੁਲ ਉਪਰ ਪੁੱਜਣ ’ਤੇ ਜਦੋਂ ਅਫਸਰਾਂ ਨੇ ਇਸ ਦੀ ਡੂੰਘਾਈ ਨਾਲ ਤਲਾਸ਼ੀ ਲਈ ਤਾਂ ਇਸ ਵਿਚੋਂ ਤਕਰੀਬਨ 22 ਪੈਕਟ ਬਰਾਮਦ ਹੋਏ, ਜਿਨ੍ਹਾਂ ਵਿਚ ਕੁਕੀਨ ਭਰੀ ਹੋਈ ਸੀ| ਕੁਕੀਨ ਦਾ ਕੁਲ ਭਾਰ ਤਕਰੀਬਨ 22 ਕਿਲੋ, 500 ਗ੍ਰਾਮ ਹੈ, ਜਿਸ ਦੀ ਬਾਜ਼ਾਰੀ ਕੀਮਤ 3,80,000 ਡਾਲਰ ਤੋਂ ਵਧ ਬਣਦੀ ਹੈ| ਏਜੰਸੀ ਨੇ ਇਸ ਮਾਮਲੇ ਵਿਚ ਹੋਰ ਜਾਣਕਾਰੀ ਨਹੀਂ ਦਿੱਤੀ ਹੈ| ਸੀ.ਬੀ.ਪੀ. ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਤਕਰੀਬਨ 10 ਮਹੀਨਿਆਂ ਵਿਚ ਏਜੰਸੀ ਵੱਲੋਂ 2,95,10,000 ਕਿਲੋਗ੍ਰਾਮ ਕੋਕੀਨ ਫੜੀ ਜਾ ਚੁੱਕੀ ਹੈ|

Leave a comment