#AMERICA

ਟੈਕਸਾਸ ‘ਚ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਵਿਚ ਹੈਦਰਾਬਾਦ ਵਾਸੀ ਜੱਜ ਦੀ ਧੀ ਵੀ ਸ਼ਾਮਲ

* ਨਾਜ਼ੀ ਵਿਚਾਰਧਾਰਾ ਰੱਖਦਾ ਸੀ ਹਮਲਾਵਰ
ਸੈਕਰਾਮੈਂਟੋ, 10 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਟੈਕਸਾਸ ਰਾਜ ਵਿਚ ਡਲਾਸ ਨੇੜੇ ਏਲਨ ਵਿਖੇ ਬੀਤੇ ਦਿਨੀਂ ਇਕ ਸ਼ਾਪਿੰਗ ਮਾਲ ਵਿਚ ਹੋਈ ਗੋਲੀਬਾਰੀ ਵਿਚ ਮਾਰੇ ਗਏ 9 ਲੋਕਾਂ ਵਿਚ ਭਾਰਤ ਦੀ 27 ਸਾਲਾ ਔਰਤ ਵੀ ਸ਼ਾਮਲ ਹੈ, ਜੋ ਟੈਕਸਾਸ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਪ੍ਰਾਜੈਕਟ ਇੰਜੀਨੀਅਰ ਵਜੋਂ ਕੰਮ ਕਰਦੀ ਸੀ। ਉਸ ਦੀ ਪਛਾਣ ਥਾਟੀਕੌਂਡਾ ਐਸ਼ਵਰਿਆ ਰੈਡੀ ਵਜੋਂ ਹੋਈ ਹੈ, ਜੋ ਗੋਲੀਬਾਰੀ ਸਮੇਂ ਆਪਣੇ ਇਕ ਦੋਸਤ ਨਾਲ ਏਲਨ ਪ੍ਰੀਮੀਅਮ ਆਊਟਲੈਟਸ ਵਿਖੇ ਖਰੀਦਦਾਰੀ ਕਰ ਰਹੀ ਸੀ। ਉਹ ਹੈਦਰਾਬਾਦ (ਤੇਲੰਗਾਨਾ) ਦੇ ਜੱਜ ਟੀ ਨਰਸੀ ਰੈਡੀ ਦੀ ਧੀ ਹੈ। ਉਸ ਨੇ ਹੈਦਰਾਬਾਦ ਦੇ ਇਕ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਕੀਤੀ ਸੀ ਤੇ ਅਮਰੀਕਾ ‘ਚ ਮਾਸਟਰ ਡਿਗਰੀ ਕਰਨ ਉਪਰੰਤ ਪਿਛਲੇ ਦੋ ਸਾਲਾਂ ਤੋਂ ਪ੍ਰਾਜੈਕਟ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ। ਜੱਜ ਦੇ ਇਕ ਦੋਸਤ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਤੋਂ ਪਹਿਲਾਂ ਐਸ਼ਵਰਿਆ ਨੇ ਪਰਿਵਾਰ ਨਾਲ ਗੱਲ ਕੀਤੀ ਸੀ। ਜਦੋਂ ਪਰਿਵਾਰ ਨੂੰ ਗੋਲੀਬਾਰੀ ਬਾਰੇ ਪਤਾ ਲੱਗਾ, ਤਾਂ ਉਨਾਂ ਨੇ ਵਾਪਸ ਐਸ਼ਵਰਿਆ ਨੂੰ ਫੋਨ ਕੀਤਾ ਸੀ ਪਰੰਤੂ ਅੱਗਿਊਂ ਕੋਈ ਜਵਾਬ ਨਹੀਂ ਮਿਲਿਆ। ਗੋਲੀਬਾਰੀ ਵਿਚ ਜ਼ਖਮੀ ਹੋਏ ਉਸ ਦੇ ਦੋਸਤ ਦਾ ਨਾਂ ਪੁਲਿਸ ਨੇ ਜਨਤਕ ਨਹੀਂ ਕੀਤਾ ਹੈ। ਉਹ ਅਜੇ ਇਲਾਜ ਅਧੀਨ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਦੀ ਕਾਰਵਾਈ ਵਿਚ ਮਾਰੇ ਗਏ ਸ਼ੱਕੀ ਹਮਲਾਵਰ ਦੀ ਪਛਾਣ ਮੌਰੀਸੀਓ ਗਾਰਸੀਆ ਵਜੋਂ ਹੋਈ ਹੈ। ਉਸ ਨੂੰ ਸਿਹਤ ਸਮੱਸਿਆ ਕਾਰਨ ਫੌਜ ਵਿਚੋਂ ਫਾਰਗ ਕਰ ਦਿੱਤਾ ਗਿਆ ਸੀ। ਉਹ ਨਾਜ਼ੀ ਸਮਰਥਕ ਇਕ ਸੱਜੇ ਪਖੀ ਗਰੁੱਪ ਲਈ ਕੰਮ ਕਰਦਾ ਸੀ।
ਜਿਸ ਸਮੇਂ ਗੋਲੀਬਾਰੀ ਹੋਈ ਸ਼ਾਪਿੰਗ ਮਾਲ ‘ਚ ਵੱਡੀ ਗਿਣਤੀ ਵਿਚ ਗਾਹਕ ਮੌਜੂਦ ਸਨ। ਅਚਾਨਕ ਇਕ ਗੰਨਮੈਨ ਵਲੋਂ ਕਾਰ ਵਿਚੋਂ ਉਤਰ ਕੇ ਕੀਤੀ ਗੋਲੀਬਾਰੀ ਉਪਰੰਤ ਮਾਲ ਵਿਚ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਨੇ ਜ਼ਮੀਨ ਉਪਰ ਲੰਮੇ ਪੈ ਕੇ ਜਾਂ ਇਧਰ-ਉਧਰ ਲੁੱਕ ਕੇ ਆਪਣੀ ਜਾਨ ਬਚਾਉਣ ਦਾ ਯਤਨ ਕੀਤਾ। ਪਰੰਤੂ ਐਸ਼ਵਿਰਆ ਸਮੇਤ ਮਾਰੇ ਗਏ 9 ਵਿਅਕਤੀ ਆਪਣੀ ਇਸ ਕੋਸ਼ਿਸ਼ ਵਿਚ ਨਾਕਾਮ ਰਹੇ।

Leave a comment