ਸੈਕਰਾਮੈਂਟੋ, 6 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫੋਰਟ ਵਰਥ ਵਿਚ ਇਕ ਬਾਰ ਦੇ ਬਾਹਰ ਟੈਕਸਾਸ ਕ੍ਰਿਸਚੀਅਨ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪੁਲਿਸ ਅਨੁਸਾਰ ਸ਼ੱਕੀ ਹਮਲਾਵਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਪਰ ਉਸ ਨੇ ਹੱਤਿਆ ਦਾ ਸਪੱਸ਼ਟ ਕਾਰਨ ਨਹੀਂ ਦੱਸਿਆ। ਪੁਲਿਸ ਵੱਲੋਂ ਘਟਨਾ ਦੀ ਵੀਡੀਓ ਦੀ ਕੀਤੀ ਗਈ ਛਾਣਬੀਣ ਅਨੁਸਾਰ ਵੈਸ ਸਮਿੱਥ ਨਾਮੀ ਵਿਦਿਆਰਥੀ ਦੇ ਉਸ ਵੇਲੇ ਗੋਲੀ ਮਾਰੀ ਗਈ, ਜਦੋਂ ਉਹ ਇਕ ਬਾਰ ਦੇ ਨਾਲ ਇਕ ਪਾਸੇ ਖੜ੍ਹਾ ਸੀ। ਸ਼ੱਕੀ ਦੋਸ਼ੀ ਮੈਥੀਊ ਪੁਰਡੀ ਜੂਨੀਅਰ (21) ਉਸ ਕੋਲ ਗਿਆ ਤੇ ਉਸ ਨਾਲ ਗੱਲਬਾਤ ਕੀਤੀ। ਇਸ ਉਪਰੰਤ ਕੁਝ ਪਲਾਂ ਵਿਚ ਹੀ ਸਮਿਥ ਧਰਤੀ ਉਪਰ ਢਹਿ-ਢੇਰੀ ਹੋ ਗਿਆ ਤੇ ਪੁਰਡੀ ਉਥੋਂ ਦੌੜਨ ਵਿਚ ਸਫਲ ਹੋ ਗਿਆ। ਬਾਅਦ ਵਿਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਹਲਫੀਆ ਬਿਆਨ ਅਨੁਸਾਰ ਸਮਿੱਥ ਦੇ 3 ਗੋਲੀਆਂ ਮਾਰੀਆਂ ਗਈਆਂ, ਜੋ ਉਸ ਦੇ ਢਿੱਡ, ਮੋਢੇ ਤੇ ਸਿਰ ਵਿਚ ਵੱਜੀਆਂ। ਪੁਲਿਸ ਦਾ ਕਹਿਣਾ ਹੈ ਕਿ ਪੁਰਡੀ ਨੇ ਦੱਸਿਆ ਕਿ ਉਸ ਕਿਸੇ ਵੀ ਹਾਲਤ ਵਿਚ ਉਸ ਨੂੰ ਜੀਂਦਾ ਨਹੀਂ ਛੱਡਣਾ ਚਾਹੁੰਦਾ ਸੀ ਤੇ ਉਸ ਕੋਲ ਗੋਲੀਆਂ ਨਾ ਮੁੱਕਦੀਆਂ ਤਾਂ ਉਹ ਉਸ ਦੇ ਹੋਰ ਗੋਲੀਆਂ ਮਾਰਦਾ। ਪੁਰਡੀ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ।