#AMERICA

ਟੈਕਸਾਸ ਅਤੇ ਮੈਰੀਲੈਂਡ ਸਟੇਟ ਵੱਲੋਂ ਵਿਸਾਖੀ ਮੌਕੇ ਪਰੋਕਲਾਮੇਸ਼ਨ ਪੇਸ਼

ਟੈਕਸਾਸ, 19 ਅਪ੍ਰੈਲ (ਪੰਜਾਬ ਮੇਲ)- ਟੈਕਸਾਸ ਸਟੇਟ ਦੀ ਰਾਜਧਾਨੀ ਆਸਟਿਨ ਵਿਖੇ ਸਟੇਟ ਅਸੈਂਬਲੀ ਮੈਂਬਰ ਵੱਲੋਂ 14 ਅਪ੍ਰੈਲ ਵਿਸਾਖੀ ਦੇ ਸ਼ੁੱਭ ਦਿਹਾੜੇ ‘ਤੇ ਇਕ ਪਰੋਕਲਾਮੇਸ਼ਨ ਪੇਸ਼ ਕੀਤਾ ਹੈ, ਜਿਸ ਵਿਚ ਸਿੱਖਾਂ ਵੱਲੋਂ ਅਮਰੀਕਾ ਵਿਚ ਪਾਏ ਵੱਡਮੁੱਲੇ ਯੋਗਦਾਨ ਬਾਰੇ ਜ਼ਿਕਰ ਕੀਤਾ ਗਿਆ ਹੈ। ਪਰੋਕਲਾਮੇਸ਼ਨ ਪੜ੍ਹਨ ਤੋਂ ਬਾਅਦ ਭਾਰੀ ਗਿਣਤੀ ਵਿਚ ਆਏ ਸਿੱਖ ਭਾਈਚਾਰੇ ਦੇ ਆਗੂਆਂ ਵੱਲੋਂ ਖੜ੍ਹੇ ਹੋ ਕੇ ਤਾੜੀਆਂ ਨਾਲ ਅਸੈਂਬਲੀ ਦਾ ਧੰਨਵਾਦ ਕੀਤਾ ਗਿਆ। ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਇਸ ਪਰੋਕਲਾਮੇਸ਼ਨ ਪੇਸ਼ ਕਰਨ ‘ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਡਾ. ਹਰਦਮ ਸਿੰਘ ਆਜ਼ਾਦ, ਸੰਪੂਰਨ ਸਿੰਘ, ਹੀਰਾ ਸਿੰਘ ਚਮਦਲ, ਸੁਰਿੰਦਰ ਸਿੰਘ ਗਿੱਲ, ਯੂਨਾਈਟਿਡ ਸਿੱਖਸ ਦੇ ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਢੇਸੀ, ਡਾ. ਹਰਨੇਕ ਸਿੰਘ ਵੀ ਹਾਜ਼ਰ ਸਨ। ਇਸ ਦੇ ਲਈ ਸਿੱਖ ਕਾਕਸ ਕਮੇਟੀ ਦੇ ਸੁਰਿੰਦਰ ਸਿੰਘ ਗਿੱਲ ਅਤੇ ਗੁਰਵਿੰਦਰ ਸਿੰਘ ਗਿੱਲ ਨੇ ਅਣਥੱਕ ਮਿਹਨਤ ਕੀਤੀ, ਜਿਸ ਕਰਕੇ ਇਹ ਕਾਰਜ ਸਿਰੇ ਚੜ੍ਹਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਮਾਣਯੋਗ ਟੈਰੀ ਮੌਜ਼ਾ ਵੱਲੋਂ 1984 ‘ਚ ਸਿੱਖ ਨਸਲਕੁਸ਼ੀ ਬਾਰੇ ਇਕ ਮੈਂਬਰ ਰੈਸੋਲਿਊਸ਼ਨ ਸੰਗਤਾਂ ਸਾਹਮਣੇ ਪੇਸ਼ ਕੀਤਾ ਸੀ ਅਤੇ ਸੰਗਤਾਂ ਨੂੰ ਭਰੋਸਾ ਦਿਵਾਇਆ ਸੀ ਕਿ ਸਿੱਖ ਨਸਲਕੁਸ਼ੀ ਦੇ ਮਤੇ ਨੂੰ ਹਾਊਸ ਵਿਚ ਜਲਦ ਮਾਨਤਾ ਦਿਵਾਈ ਜਾਵੇਗੀ। ਇਸ ਮਤੇ ਨੂੰ ਪੇਸ਼ ਕਰਵਾਉਣ ਲਈ ਸਿੱਖ ਕਾਕਸ ਕਮੇਟੀ ਆਪਣੀ ਪੂਰੀ ਵਾਹ ਲਾ ਰਹੀ ਹੈ। ਇਸ ਦੌਰਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ, ਔਸਟਿਨ ਦੀਆਂ ਸੰਗਤਾਂ ਵੱਲੋਂ ਲੰਗਰ ਅਤੇ ਚਾਹ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਮੈਰੀਲੈਂਡ ਸਟੇਟ ਦੇ ਗਵਰਨਰ ਵੱਲੋਂ ਵੀ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਡਾ. ਬਖਸ਼ੀਸ਼ ਸਿੰਘ ਅਤੇ ਜ਼ੋਰਾਵਰ ਸਿੰਘ ਦੇ ਯਤਨਾਂ ਸਦਕਾ ਪਰੋਕਲਾਮੇਸ਼ਨ ਪੇਸ਼ ਕੀਤਾ ਹੈ, ਜਿਸ ਦੇ ਲਈ ਸਿੱਖ ਕਾਕਸ ਕਮੇਟੀ ਨੇ ਖੁਸ਼ੀ ਜ਼ਾਹਿਰ ਕੀਤੀ ਹੈ।

Leave a comment