#OTHERS

ਟੂਰਿਸਟ ਵੀਜ਼ਾ ‘ਤੇ ਸਾਊਦੀ ਅਰਬ ਗਈਆਂ ਪੰਜਾਬ ਦੀਆਂ 2 ਕੁੜੀਆਂ ਹੋਈਆਂ ਲਾਪਤਾ

ਯੂ.ਏ.ਈ., 27 ਜੁਲਾਈ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ‘ਚ ਪੰਜਾਬ ਦੀਆਂ 2 ਕੁੜੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇੰਨਾ ਹੀ ਨਹੀਂ, ਕੁੜੀਆਂ ਦੇ ਮਾਪਿਆਂ ਦਾ ਵੀ ਪਿਛਲੇ ਇਕ ਹਫ਼ਤੇ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਹੈ ਕਿ ਭਾਰਤ ਸਰਕਾਰ ਆਬੂ ਧਾਬੀ ਨੂੰ ਇਸ ਬਾਰੇ ਸੁਚੇਤ ਕਰੇ ਅਤੇ ਉਹ ਜਲਦੀ ਤੋਂ ਜਲਦੀ ਇਨ੍ਹਾਂ ਕੁੜੀਆਂ ਦੀ ਜਾਣਕਾਰੀ ਸਾਂਝੀ ਕਰਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਦੋਵੇਂ ਕੁੜੀਆਂ ਦੀ ਪਛਾਣ ਮਨਪ੍ਰੀਤ ਕੌਰ (25) ਅਤੇ ਹਰਪ੍ਰੀਤ ਕੌਰ (21) ਵਜੋਂ ਹੋਈ ਹੈ। ਇਹ ਦੋਵੇਂ ਕੁੜੀਆਂ 2 ਮਈ 2023 ਨੂੰ ਕੰਮ ਲਈ ਯੂ.ਏ.ਈ. ਦੇ ਸ਼ਾਰਜਾਹ ਗਈਆਂ ਸਨ। ਕਰੀਬ ਡੇਢ ਮਹੀਨੇ ਤੋਂ ਦੋਵੇਂ ਕੁੜੀਆਂ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰ ਰਹੀਆਂ ਸਨ ਪਰ ਪਿਛਲੇ ਇਕ ਹਫ਼ਤੇ ਤੋਂ ਉਨ੍ਹਾਂ ਦਾ ਫੋਨ ‘ਤੇ ਕੋਈ ਸੰਪਰਕ ਨਹੀਂ ਹੋ ਰਿਹਾ, ਜਿਸ ਕਾਰਨ ਪਰਿਵਾਰ ਚਿੰਤਾ ‘ਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਕੁੜੀਆਂ 2 ਮਈ ਨੂੰ ਯੂ.ਏ.ਈ. ਪਹੁੰਚੀਆਂ ਸਨ। ਦੋਵਾਂ ਕੋਲ ਟੂਰਿਸਟ ਵੀਜ਼ਾ ਸੀ, ਜੋ ਸਿਰਫ਼ ਇਕ ਮਹੀਨੇ ਲਈ ਵੈਲਿਡ ਸੀ। ਇਨ੍ਹਾਂ ਕੁੜੀਆਂ ਨੂੰ 2 ਜੂਨ ਤੱਕ ਵਾਪਸ ਆਉਣਾ ਚਾਹੀਦਾ ਸੀ। ਪਰਿਵਾਰ ਨੂੰ ਖਦਸ਼ਾ ਹੈ ਕਿ ਇਹ ਦੋਵੇਂ ਕੁੜੀਆਂ ਕਿਤੇ ਗ਼ਲਤ ਹੱਥਾਂ ‘ਚ ਨਾ ਪੈ ਗਈਆਂ ਹੋਣ। ਰਿਪੋਰਟ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੁਬਈ ਵਿਚ ਲਾਪਤਾ ਹੋਣ ਜਾਂ ਅਗਵਾ ਹੋਣ ਵਾਲੀਆਂ ਇਹ ਪਹਿਲੀਆਂ ਕੁੜੀਆਂ ਨਹੀਂ ਹਨ। ਪੰਜਾਬ ਦੇ ਗ਼ਲਤ ਏਜੰਟਾਂ ਦੀ ਆੜ ‘ਚ ਕਈ ਮੁਟਿਆਰਾਂ ਅਤੇ ਨੌਜਵਾਨ ਦੁਬਈ ਪਹੁੰਚ ਜਾਂਦੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ। ਹਾਲ ਹੀ ਵਿਚ ਕੁਲਦੀਪ ਧਾਰੀਵਾਲ ਨੇ ਦੁਬਈ ਤੋਂ ਇਕ ਕੁੜੀ ਨੂੰ ਛੁਡਵਾਇਆ ਅਤੇ ਪਰਿਵਾਰ ਨਾਲ ਮਿਲਾਇਆ।

Leave a comment