ਨੰਦਿਆਲ (ਆਂਧਰਾ ਪ੍ਰਦੇਸ਼), 9 ਸਤੰਬਰ (ਪੰਜਾਬ ਮੇਲ)- ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਮੁਖੀ ਚੰਦਰਬਾਬੂ ਨਾਇਡੂ ਨੂੰ 550 ਕਰੋੜ ਰੁਪਏ ਦੇ ਕਥਿਤ ਹੁਨਰ ਵਿਕਾਸ ਘਪਲੇ ਵਿਚ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਪੂਰੀ ਤਰ੍ਹਾਂ ਸਹੂਲਤਾਂ ਨਾਲ ਲੈਸ ਬੱਸ ਦਾ ਦਰਵਾਜ਼ਾ ਖੜਕਾਇਆ, ਜਿਸ ਵਿਚ ਉਹ ਸੌਂ ਰਿਹਾ ਸੀ ਅਤੇ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਆਂਧਰਾ ਪ੍ਰਦੇਸ਼ ਪੁਲਿਸ ਨੇ ਦੱਸਿਆ ਕਿ ਸੀ.ਆਈ.ਡੀ. ਦੀ ਟੀਮ ਨੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੂੰ ਸਵੇਰੇ 6 ਵਜੇ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਨੰਦਿਆਲ ਸ਼ਹਿਰ ਦੇ ਗਿਆਨਪੁਰਮ ਵਿਖੇ ਆਰ.ਕੇ. ਫੰਕਸ਼ਨ ਹਾਲ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਬੱਸ ਖੜ੍ਹੀ ਸੀ। ਨਾਇਡੂ ਨੂੰ ਦਿੱਤੇ ਨੋਟਿਸ ਵਿਚ ਸੀ.ਆਈ.ਡੀ. ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਦੇ ਡੀ.ਐੱਸ.ਪੀ. ਐੱਮ. ਧਨੰਜੈਯੁਡੂ ਨੇ ਕਿਹਾ, ‘ਤੁਹਾਨੂੰ ਇੱਥੇ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਸਵੇਰੇ 6 ਵਜੇ ਮੂਲਸਾਗਰਮ ਦੇ ਨਿਵਾਸ, ਮੂਲਸਾਗਰਮ, ਨੰਦਿਆਲ ਸ਼ਹਿਰ ਦੇ ਫੰਕਸ਼ਨ ਹਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਗੈਰ-ਜ਼ਮਾਨਤੀ ਅਪਰਾਧ ਹੈ।’