#OTHERS

ਟਿਊਨੀਸ਼ੀਆ ‘ਚ ਕਿਸ਼ਤੀ ਡੁੱਬਣ ਨਾਲ 19 ਪ੍ਰਵਾਸੀਆਂ ਦੀ ਮੌਤ

ਟਿਊਨਿਸ, 27 ਮਾਰਚ (ਪੰਜਾਬ ਮੇਲ)- ਟਿਊਨੀਸ਼ੀਆ ਵਿਚ ਇੱਕ ਕਿਸ਼ਤੀ ਡੁੱਬਣ ਨਾਲ ਘੱਟੋ-ਘੱਟ 19 ਪ੍ਰਵਾਸੀਆਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਸਾਰੇ ਪ੍ਰਵਾਸੀ ਭੂਮੱਧ ਸਾਗਰ ਪਾਰ ਕਰਕੇ ਇਟਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਇਸੇ ਦੌਰਾਨ ਇਹ ਘਟਨਾ ਵਾਪਰ ਗਈ। ਇਕ ਮਨੁੱਖੀ ਅਧਿਕਾਰ ਸਮੂਹ ਨੇ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਟਿਊਨੀਸ਼ੀਆ ਦੇ ਸਫੈਕਸ ਸੂਬੇ ਦੇ ਕੋਲ ਪਿਛਲੇ ਚਾਰ ਦਿਨਾਂ ਵਿਚ ਪੰਜ ਪ੍ਰਵਾਸੀਆਂ ਦੀਆਂ ਕਿਸ਼ਤੀਆਂ ਡੁੱਬ ਚੁੱਕੀਆਂ ਹਨ। ਇਟਲੀ ਵੱਲ ਜਾ ਰਹੀਆਂ ਕਿਸ਼ਤੀਆਂ ਦੇ ਡੁੱਬਣ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਤੱਕ 67 ਲੋਕ ਲਾਪਤਾ ਹਨ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਪਹਿਲਾਂ 23 ਮਾਰਚ ਨੂੰ ਟਿਊਨੀਸ਼ੀਆ ਦੇ ਦੱਖਣ-ਪੂਰਬੀ ਤੱਟ ‘ਤੇ ਚਾਰ ਅਫਰੀਕੀ ਪ੍ਰਵਾਸੀਆਂ ਦੀਆਂ ਕਿਸ਼ਤੀਆਂ ਡੁੱਬ ਗਈਆਂ ਸਨ। ਸਾਰੇ ਮੈਡੀਟੇਰੀਅਨ ਪਾਰ ਕਰਕੇ ਇਟਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 33 ਲੋਕ ਲਾਪਤਾ ਹੋ ਗਏ।
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਇਸ ਸਾਲ ਘੱਟੋ-ਘੱਟ 12,000 ਪ੍ਰਵਾਸੀ ਟਿਊਨੀਸ਼ੀਆ ਛੱਡ ਕੇ ਇਟਲੀ ਪਹੁੰਚੇ ਹਨ। ਜਦੋਂਕਿ ਪਿਛਲੇ ਸਾਲ ਪ੍ਰਵਾਸੀਆਂ ਦੀ ਗਿਣਤੀ ਵਿਚ ਕਮੀ ਸੀ। ਪਿਛਲੇ ਮਹੀਨੇ ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੇ ਉਪ-ਸਹਾਰਨ ਦੇ ਦੇਸ਼ ਵਿਚ ਰਹਿਣ ਵਾਲੇ ਅਫਰੀਕੀ ਪ੍ਰਵਾਸੀਆਂ ‘ਤੇ ਅਪਰਾਧ ਵਧਾਉਣ ਦਾ ਦੋਸ਼ ਲਗਾਇਆ ਸੀ।

Leave a comment