#AMERICA

ਟਰੰਪ ਵਲੋਂ ਰਾਸ਼ਟਰਪਤੀ ਅਹੁਦੇ ਦੀ ਪਹਿਲੀ ਬਹਿਸ ’ਚ ਸ਼ਾਮਲ ਹੋਣ ਤੋਂ ਇਨਕਾਰ

ਨਿਊਯਾਰਕ, 22 ਅਗਸਤ (ਪੰਜਾਬ ਮੇਲ)– ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਬੁੱਧਵਾਰ ਨੂੰ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ’ਚ ਹਿੱਸਾ ਲੈਣ ਲਈ ਹੋਣ ਵਾਲੀ ਪਹਿਲੀ ਪ੍ਰਾਇਮਰੀ ਬਹਿਸ ’ਚ ਹਿੱਸਾ ਨਹੀਂ ਲੈਣਗੇ| ਟਰੰਪ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ’ਤੇ ਲਿਖਿਆ, ‘‘ਜਨਤਾ ਜਾਣਦੀ ਹੈ ਕਿ ਮੈਂ ਕੌਣ ਹਾਂ, ਮੇਰਾ ਰਾਸ਼ਟਰਪਤੀ ਕਾਰਜਕਾਲ ਕਿੰਨਾ ਸਫਲ ਰਿਹਾ ਹੈ| ਇਸ ਲਈ ਮੈਂ ਬਹਿਸ ਨਹੀਂ ਕਰਾਂਗਾ|’’
ਸਾਬਕਾ ਰਾਸ਼ਟਰਪਤੀ ਦੇ ਬੁਲਾਰੇ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਹ ਹਰ ਪ੍ਰਾਇਮਰੀ ਬਹਿਸ ਦਾ ਬਾਈਕਾਟ ਕਰਨ ਦੀ ਯੋਜਨਾ ਬਣਾ ਰਹੇ ਹਨ ਜਾਂ ਇਸ ਬਹਿਸ ’ਚ ਹਿੱਸਾ ਨਹੀਂ ਲੈਣਗੇ| ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਐਤਵਾਰ ਨੂੰ ਕਿਹਾ ਕਿ ਟਰੰਪ ਤੇ ਉਨ੍ਹਾਂ ਦੀ ਟੀਮ ਨੇ ਰਿਪਬਲਿਕਨ ਨੈਸ਼ਨਲ ਕਮੇਟੀ ਨੂੰ ਆਪਣੀ ਯੋਜਨਾ ਦੀ ਜਾਣਕਾਰੀ ਨਹੀਂ ਦਿੱਤੀ ਹੈ|
ਇਸ ਦੌਰਾਨ ਟਰੰਪ ਦੇ ਵਿਰੋਧੀਆਂ ਨੇ ਬਹਿਸ ’ਚ ਹਿੱਸਾ ਨਾ ਲੈਣ ’ਤੇ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ| ਨਿਊਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਜੋ ਰਾਸ਼ਟਰਪਤੀ ਦੀ ਚੋਣ ਲੜ ਰਹੇ ਹਨ, ਨੇ ਟਰੰਪ ’ਤੇ ‘ਸਾਹਮਣੇ ਆਉਣ ਦੀ ਹਿੰਮਤ’ ਨਾ ਹੋਣ ਦਾ ਦੋਸ਼ ਲਗਾਇਆ ਤੇ ਉਨ੍ਹਾਂ ਨੂੰ ‘ਡਰਪੋਕ’ ਕਿਹਾ| ਇਸ ’ਤੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਬਹਿਸ ’ਚ ਹਿੱਸਾ ਲੈਣ ਦਾ ਕੋਈ ਖ਼ਾਸ ਫ਼ਾਇਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹ ਪਹਿਲਾਂ ਹੀ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਹਨ|
ਉਨ੍ਹਾਂ ਕਿਹਾ, ‘‘ਇਹ ਹਿੰਮਤ ਦਾ ਸਵਾਲ ਨਹੀਂ ਹੈ| ਇਹ ਸਿਆਣਪ ਦਾ ਸਵਾਲ ਹੈ| ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਟਰੰਪ ਨੇ ਕਿਸੇ ਵੱਡੀ ਰਿਪਬਲਿਕਨ ਬਹਿਸ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ|’’ ਉਨ੍ਹਾਂ ਨੇ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰਿਪਬਲਿਕਨ ਪਾਰਟੀ ਦੀ ਆਖਰੀ ਪ੍ਰਾਇਮਰੀ ਬਹਿਸ ’ਚ ਹਿੱਸਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ|

Leave a comment