#AMERICA

ਟਰੰਪ ਨੂੰ ਜ਼ਹਿਰੀਲਾ ਪੱਤਰ ਭੇਜਣ ਵਾਲੀ ਕੈਨੇਡੀਅਨ ਔਰਤ ਨੂੰ 22 ਸਾਲ ਦੀ ਜੇਲ੍ਹ

ਵਾਸ਼ਿੰਗਟਨ, 19 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਇੱਕ ਅਦਾਲਤ ਨੇ ਇੱਕ ਕੈਨੇਡੀਅਨ ਔਰਤ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਕਾਰਜਕਾਲ ਦੌਰਾਨ ਜ਼ਹਿਰ ਮਿਲਾ ਕੇ ਚਿੱਠੀ ਭੇਜਣ ਦੇ ਮਾਮਲੇ ਵਿਚ 22 ਸਾਲ ਦੀ ਸਜ਼ਾ ਸੁਣਾਈ ਹੈ। ਰਿਪੋਰਟ ਅਨੁਸਾਰ ਜ਼ਿਲ੍ਹਾ ਜੱਜ ਡਬਨੀ ਫਰੈਡਰਿਕ ਨੇ ਵੀਰਵਾਰ (17 ਅਗਸਤ) ਨੂੰ 56 ਸਾਲਾ ਪਾਸਕੇਲ ਫੇਰੀਅਰ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਰਿਪੋਰਟ ਮੁਤਾਬਕ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ। ਨਾਲ ਹੀ, ਜੇ ਉਹ ਕਦੇ ਵਾਪਸ ਆਉਂਦੀ ਹੈ, ਤਾਂ ਉਸ ਨੂੰ ਜ਼ਿੰਦਗੀ ਭਰ ਨਿਗਰਾਨੀ ਦਾ ਸਾਹਮਣਾ ਕਰਨਾ ਪਵੇਗਾ। ਜੱਜ ਫਰੈਡਰਿਕ ਨੇ ਫੇਰੀਅਰ ਨੂੰ ਕਿਹਾ ਕਿ ਉਸ ਦੀਆਂ ਹਰਕਤਾਂ ਖਤਰਨਾਕ ਤੇ ਸਮਾਜ ਲਈ ਨੁਕਸਾਨਦਾਇਕ ਸੀ।
ਫਰਾਂਸ ਅਤੇ ਕੈਨੇਡਾ ਦੇ ਦੋਹਰੇ ਨਾਗਰਿਕ ਫੈਰੀਅਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਅਫਸੋਸ ਹੈ ਕਿ ਉਸ ਦੀ ਯੋਜਨਾ ਅਸਫਲ ਹੋ ਗਈ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਇੱਕ ਕਾਰਕੁਨ ਸਮਝਦੀ ਹੈ, ਨਾ ਕਿ ਇੱਕ ਅੱਤਵਾਦੀ। ਰਿਪੋਰਟ ਮੁਤਾਬਕ ਐੱਫ.ਬੀ.ਆਈ. ਨੇ ਟਰੰਪ ਨੂੰ ਲਿਖੀ ਚਿੱਠੀ ’ਤੇ ਉਸ ਦੇ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਪੱਤਰ ਵਿਚ, ਫੇਰੀਅਰ ਨੇ ਟਰੰਪ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਦੀ ਅਪੀਲ ਕੀਤੀ ਸੀ।
ਬਾਅਦ ਵਿਚ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੇ ਕਿਊਬਿਕ ਸਥਿਤ ਘਰ ਵਿਚ ਰਿਸੀਨ- ਕਾਸਟਰ ਬੀਨਜ਼ ਦੇ ਬਚੇ ਪਦਾਰਥ ਤੋਂ ਜ਼ਹਿਰ ਬਣਾਇਆ ਸੀ ਤੇ ਇਸ ਨੂੰ ਚਿੱਠੀ ਦੇ ਨਾਲ ਲਿਫਾਫੇ ਵਿਚ ਰੱਖਿਆ ਸੀ।

Leave a comment