#AMERICA

ਟਰੰਪ ਦੀ ਲੋਕਪ੍ਰਿਅਤਾ ‘ਚ ਵੱਡੇ ਪੱਧਰ ‘ਤੇ ਗਿਰਾਵਟ ਵੇਖਣ ਨੂੰ ਮਿਲੀ

ਵਾਸ਼ਿੰਗਟਨ, 2 ਮਈ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ ਵਿਚ ਵੱਡੇ ਪੱਧਰ ‘ਤੇ ਗਿਰਾਵਟ ਵੇਖਣ ਨੂੰ ਮਿਲੀ ਹੈ। ਇਕ ਤਾਜ਼ਾ ਸਰਵੇਖਣ ਵਿਚ ਸਿਰਫ 42 ਫੀਸਦੀ ਅਮਰੀਕੀਆਂ ਨੇ ਰਾਸ਼ਟਰਪਤੀ ਦੇ ਹੱਕ ਵਿਚ ਹਾਮੀ ਭਰੀ ਹੈ। 29 ਅਪ੍ਰੈਲ ਨੂੰ ਜਾਰੀ ਕੀਤੇ ਸਰਵੇਖਣ ਅਨੁਸਾਰ ਪਿਛਲੇ 50 ਸਾਲਾਂ ਦੌਰਾਨ ਕਿਸੇ ਵੀ ਨਵੇਂ ਚੁਣੇ ਰਾਸ਼ਟਰਪਤੀ ਦੀ ਇੰਨੇ ਥੋੜ੍ਹੇ ਕਾਰਜਕਾਲ ਦੌਰਾਨ ਇਸ ਪੱਧਰ ਤੱਕ ਲੋਕਪ੍ਰਿਅਤਾ ਨਹੀਂ ਘਟੀ।
ਇਹ ਸਰਵੇਖਣ ਟਰੰਪ ਸ਼ਾਸਨ ਦੇ 100 ਦਿਨ ਪੂਰੇ ਹੋਣ ਉਪਰੰਤ 21 ਤੋਂ 23 ਅਪ੍ਰੈਲ ਦਰਮਿਆਨ ਕੀਤਾ ਗਿਆ। ਇਸ ਤੋਂ ਪਹਿਲਾਂ ਸੀ. ਐੱਨ. ਐੱਨ., ਦਿ ਇਕਾਨੋਮਿਸਟ/ਯੂਗੋਵ ਵੱਲੋਂ ਕੀਤੇ ਸਰਵੇਖਣ ਵਿਚ ਵੀ ਇਸ ਕਿਸਮ ਦਾ ਨਤੀਜਾ ਹੀ ਸਾਹਮਣੇ ਆਇਆ ਸੀ ਤੇ ਸਿਰਫ 41 ਫੀਸਦੀ ਅਮਰੀਕੀਆਂ ਨੇ ਟਰੰਪ ਦਾ ਸਮਰਥਨ ਕੀਤਾ ਸੀ। ਐੱਨ.ਪੀ.ਆਰ./ ਪੀ.ਬੀ.ਐੱਸ. ਨਿਊਜ਼ ਤੇ ਮਾਰਿਸਟ ਦੇ ਸਰਵੇਖਣ ਅਨੁਸਾਰ ਜਦੋਂ ਲੋਕਾਂ ਨੂੰ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਗਿਆ ਤਾਂ ਤਕਰੀਬਨ 50 ਫੀਸਦੀ ਨੇ ਟਰੰਪ ਨੂੰ ਫੇਲ ਗਰੇਡ ਦਿੱਤਾ, ਜਦਕਿ ਸਿਰਫ 23 ਫੀਸਦੀ ਨੇ ‘ਏ’ ਗਰੇਡ ਦਿੱਤਾ। ਸਰਵੇਖਣ ਵਿਚ ਸ਼ਾਮਲ 51 ਫੀਸਦੀ ਅਮਰੀਕੀਆਂ ਨੇ ਕਿਹਾ ਟਰੰਪ ਦੇਸ਼ ਨੂੰ ‘ਬਦਤਰ’ ਸਥਿੱਤੀ ਵੱਲ ਲਿਜਾ ਰਹੇ ਹਨ। ਪਿਛਲੇ ਮਹੀਨੇ ਇਹ ਦਰ 48 ਫੀਸਦੀ ਸੀ। 42 ਫੀਸਦੀ ਨੇ ਕਿਹਾ ਕਿ ਟਰੰਪ ‘ਚੰਗੇ ਲਈ ਬਦਲਾਅ’ ਕਰ ਰਹੇ ਹਨ। ਅਪ੍ਰੈਲ ਵਿਚ ਇਹ ਦਰ 45 ਫੀਸਦੀ ਸੀ। ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਅਰਥਵਿਵਸਥਾ ਤੇ ਇਮੀਗ੍ਰੇਸ਼ਨ ਦੇ ਦੋ ਮੁੱਖ ਮੁੱਦੇ ਸਨ ਤੇ ਟਰੰਪ ਪ੍ਰਸ਼ਾਸਨ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਵੀ ਇਹ ਹੀ ਮੁੱਦੇ ਭਾਰੂ ਰਹੇ।
ਸਰਵੇਖਣ ਅਨੁਸਾਰ ਇਨ੍ਹਾਂ ਦੋਵਾਂ ਮੁੱਦਿਆਂ ‘ਤੇ ਅੱਧਿਓਂ ਵੱਧ ਅਮਰੀਕੀਆਂ ਨੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। 55 ਫੀਸਦੀ ਨੇ ਕਿਹਾ ਕਿ ਅਰਥਵਿਵਸਥਾ ਨਾਲ ਨਜਿਠਣ ਦੇ ਮੁੱਦੇ ‘ਤੇ ਉਹ ਟਰੰਪ ਦੁਆਰਾ ਅਪਣਾਏ ਢੰਗ-ਤਰੀਕੇ ਨਾਲ ਸਹਿਮਤ ਨਹੀਂ ਹਨ। ਸਰਵੇਖਣ ਵਿਚ ਸ਼ਾਮਲ 17 ਫੀਸਦੀ ਰਿਪਬਲੀਕਨ ਸਮਰਥਕਾਂ ਨੇ ਵੀ ਟਰੰਪ ਨੂੰ ਨਕਾਰਿਆ ਹੈ। ਇਮੀਗ੍ਰੇਸ਼ਨ ਦੇ ਮੁੱਦੇ ‘ਤੇ 44 ਫੀਸਦੀ ਨੇ ਟੰਰਪ ਦਾ ਸਮਰਥਨ ‘ਤੇ 52 ਫੀਸਦੀ ਨੇ ਵਿਰੋਧ ਕੀਤਾ ਹੈ। ਸਰਵੇਖਣ ਜਿਸ ਵਿਚ 1439 ਅਮਰੀਕੀਆਂ ਨੂੰ ਸ਼ਾਮਿਲ ਕੀਤਾ ਗਿਆ, ਵਿਚ 3.3 ਫੀਸਦੀ ਗਲਤੀ ਦਾ ਅੰਤਰ ਰੱਖਿਆ ਗਿਆ ਹੈ।